ਚੰਡੀਗੜ੍ਹ, 30 ਜਨਵਰੀ
ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਹਮਾਇਤ ਵਜੋਂ ਕਿਸਾਨਾਂ ਵੱਲੋਂ ਅੱਜ ਪਟਿਆਲਾ ’ਚ ਬੌਲੀਵੁੱਡ ਅਦਾਕਾਰਾ ਜਾਹਨਵੀ ਕਪੂਰ ਦੀ ਆਉਣ ਵਾਲੀ ਫ਼ਿਲਮ ‘ਗੁੱਡ ਲੱਕ ਜੈਰੀ’ ਦੀ ਸ਼ੂਟਿੰਗ ਕੁਝ ਸਮੇਂ ਲਈ ਰੁਕਵਾ ਦਿੱਤੀ ਗਈ। ਸ਼ੂਟਿੰਗ ਪਟਿਆਲਾ ਦੇ ਪੰਜਾਬ ਬਾਗ਼ ਨੇੜੇ ਚੱਲ ਰਹੀ ਹੈ। ਪਟਿਆਲਾ ਵਿੱਚ 23 ਜਨਵਰੀ ਨੂੰ ਵੀ ਫ਼ਿਲਮ ਦੀ ਸ਼ੂਟਿੰਗ ਰੁਕਵਾਈ ਗਈ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ’ਚ ਵੀ ਇਸ ਫ਼ਿਲਮ ਦੀ ਸ਼ੂਟਿੰਗ ਰੁਕਵਾ ਦਿੱਤੀ ਗਈ ਸੀ। ਪ੍ਰਦਰਸ਼ਨਕਾਰੀ ਕਿਸਾਨ ਇਸ ਗੱਲ ’ਤੇ ਜ਼ੋਰ ਦੇ ਰਹੇ ਸਨ ਕਿ ਅਦਾਕਾਰਾ ਜਾਹਨਵੀ ਕਪੂਰ ਨੂੰ ਕਿਸਾਨਾਂ, ਜਿਨ੍ਹਾਂ ਵੱਲੋਂ ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਮੁਜ਼ਹਰੇ ਕੀਤੇ ਜਾ ਰਹੇ ਹਨ, ਦੇ ਹੱਕ ’ਚ ਬਿਆਨ ਦੇਣਾ ਚਾਹੀਦਾ ਹੈ। ਇੱਕ ਮੁਜ਼ਾਹਰਾਕਾਰੀ ਨੇ ਕਿਹਾ, ‘ਅਸੀਂ ਉਨ੍ਹਾਂ ਨੂੰ ਪਹਿਲਾਂ ਹੀ ਚੇਤਾਵਨੀ ਦੇ ਚੁੱਕੇ ਹਾਂ ਕਿ ਉਨ੍ਹਾਂ ਨੂੰ ਸ਼ੂਟਿੰਗ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਪਰ ਉਹ ਫਿਰ ਵੀ ਸ਼ੂਟਿੰਗ ਕਰ ਰਹੇ ਹਨ। ਅਸੀਂ ਅੱਜ ਦੁਬਾਰਾ ਉਨ੍ਹਾਂ ਨੂੰ ਰੋਕ ਦਿੱਤਾ।’ ਮੁਜ਼ਾਹਰਾਕਾਰੀ ਨੇ ਕਿਹਾ, ‘ਸਾਨੂੰ ਕਿਸੇ ਵੀ ਵਿਅਕਤੀ ਨਾਲ ਨਫ਼ਰਤ ਨਹੀਂ ਹੈ। ਜੇਕਰ ਉਹ (ਜਾਹਨਵੀ) ਇੱਕ ਵਾਰ ਕਿਸਾਨਾਂ ਦੇ ਹੱਕ ’ਚ ਬਿਆਨ ਦਿੰਦੀ ਹੈ ਤਾਂ ਅਸੀਂ ਸ਼ੂਟਿੰਗ ਦੀ ਆਗਿਆ ਦੇ ਦੇਵਾਂਗੇ।’ ਦੂਜੇ ਪਾਸੇ ਇੱਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ੂਟਿੰਗ ’ਚ ਸਮੇਂ ਲਈ ਹੀ ਵਿਘਨ ਪਿਆ, ਜੋ ਬਾਅਦ ਵਿੱਚ ਫਿਰ ਸ਼ੁਰੂ ਕਰਵਾ ਦਿੱਤੀ ਗਈ।