ਰਵੇਲ ਸਿੰਘ ਭਿੰਡਰ
ਪਟਿਆਲਾ, 15 ਜੂਨ
ਅੱਜ ਇਥੇ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਊ ਮੋਤੀ ਬਾਗ ਪੈਲੇਸ ਕੋਲ ਪੁੱਜੇ ਈਟੀਟੀ ਤੇ ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਦੇ ਵਰਕਰਾਂ ’ਤੇ ਪੁਲੀਸ ਟੁੱਟ ਪਈ। ਪੁਲੀਸ ਨੇ ਇਸ ਦੌਰਾਨ ਜ਼ੋਰਦਾਰ ਲਾਠੀਚਾਰਜ ਕੀਤਾ ਤੇ ਕਈ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਪ੍ਰਦਸ਼ਨ ਦੌਰਾਨ ਔਰਤਾਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਜਾ ਭਜਾ ਕੇ ਕੁੱਟਿਆ ਤੇ ਧੂਹ ਧੂਹ ਕੇ ਆਪਣੀਆਂ ਗੱਡੀਆਂ ਵਿੱਚ ਸੁੱਟਿਆ। ਤਰਸੇਮ ਬੁਢਲਾਡਾ ਤੇ ਰਣਜੀਤ ਕੌਰ ਰਾਜਿੰਦਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਰਣਜੀਤ ਕੌਰ ਮਹਿਲਾ ਬੇਰੁਜ਼ਗਾਰ ਨੂੰ ਦੰਦਲ ਪੈ ਗਈ ਤੇ ਉਹ ਬੇਹੋਸ਼ ਹੋ ਕੇ ਹੇਠ ਡਿੱਗ ਗਈ, ਜਦੋਂ ਕਿ ਜੋਗਾ ਸਿੰਘ ਬੋਹਾ ਸਮੇਤ ਕੁਝ ਕਾਰਕੁਨਾਂ ਨੂੰ ਸੱਟਾਂ ਵੱਜੀਆਂ। ਇਸ ਕਸ਼ਮਕਸ਼ ਦੌਰਾਨ ਪੁਲੀਸ ਵੱਲੋਂ ਡੇਢ ਸੌ ਦੇ ਕਰੀਬ ਕਾਰਕੁਨਾਂ ਨੂੰ ਹਿਰਾਸਤ ’ਚ ਲੈਂਦਿਆਂ ਵੱਖ ਵੱਖ ਵਾਹਨਾਂ ਜ਼ਰੀਏ ਕਿਸੇ ਅਣਦੱਸੀ ਥਾਂ ਲਿਜਾਇਆ ਗਿਆ ਹੈ। ਪੁਲੀਸ ਦੇ ਅਜਿਹੇ ਵਿਵਹਾਰ ਖ਼ਿਲਾਫ਼ ਦੋ ਬੇਰੁਜ਼ਗਾਰ ਕਾਰਕੁਨ ਪਸਿਆਨਾ ਨੇੜੇ ਪੈਂਦੀ ਭਾਖੜਾ ਨਹਿਰ ਦੇ ਓਵਰ ਬ੍ਰਿਜ ਉੱਤੇ ਜਾ ਚੜ੍ਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇ ਰੁਜ਼ਗਾਰ ਨਾਲ ਸਬੰਧਤ ਉਨ੍ਹਾਂ ਦੀਆਂ ਮੰਗਾਂ ਨਾ ਪ੍ਰਵਾਨ ਕੀਤੀਆਂ ਤਾਂ ਉਹ ਨਹਿਰ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰ ਲੈਣਗੇ।