ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਗਸਤ
ਹਜ਼ਾਰਾਂ ਪੇਂਡੂ ਅਤੇ ਖੇਤ ਮਜ਼ਦੂਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਨਿਊ ਮੋਤੀ ਬਾਗ ਪੈਲੇਸ ਦੇ ਨੇੜੇ ਪਹੁੰਚ ਚੁੱਕੇ ਹਨ। ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਤਿੰਨ ਰੋਜ਼ਾ ਧਰਨੇ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ। ਧਰਨੇ ਦੇ ਅੱਜ ਤੀਜੇ ਦਿਨ ਪੁੱਡਾ ਗਰਾਊਂਡ ਤੋਂ ਮਾਰਚ ਕਰਦਾ ਹੋਇਆ ਮਜ਼ਦੂਰਾਂ ਦਾ ਇਹ ਕਾਫਲਾ ਮੁੱਖ ਮੰਤਰੀ ਨਿਵਾਸ ਵੱਲ ਵਧਿਆ ਤਾਂ ਪਹਿਲਾਂ ਤੋਂ ਤਾਇਨਾਤ ਭਾਰੀ ਪੁਲੀਸ ਫੋਰਸ ਨੇ ਇਸ ਕਾਫਲੇ ਨੂੰ ਵਾਈਪੀਐੱਸ ਚੌਕ ’ਤੇ ਰੋਕ ਲਿਆ, ਜਿਸ ਮਗਰੋਂ ਪ੍ਰਦਰਸ਼ਨਕਾਰੀ ਇਹ ਮਜ਼ਦੂਰ ਇਥੇ ਹੀ ਧਰਨਾ ਮਾਰ ਕੇ ਬੈਠ ਗਏ। ਬੁਲਾਰਿਆਂ ਵੱਲੋਂ ਪੰਜਾਬ ਸਰਕਾਰ ’ਤੇ ਚੋਣਾਂ ਵਾਅਦਿਆਂ ਦੀ ਪੂਰਤੀ ਨਾ ਕਰਨ ਦੇ ਦੋਸ਼ ਲਾਉਂਦਿਆਂ ਚਿਤਾਵਨੀ ਦਿੱਤੀ ਗਈ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਅਗਲੇ ਦਿਨਾਂ ਵਿੱਚ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ। ਇਹ ਧਰਨਾ ਸੱਤ ਪੇਂਡੂ ਅਤੇ ਖੇਤ ਮਜ਼ਦੂਰ ਯੂਨੀਅਨ ਦੀਆਂ ਜਥੇਬੰਦੀਆਂ ’ਤੇ ਅਧਾਰਤ ਸਾਂਝੇ ਮਜ਼ਦੂਰ ਮੋਰਚੇ ਦੀ ਅਗਵਾਈ ਹੇਠ ਦਿੱਤਾ ਗਿਆ। ਇਸ ਧਰਨੇ ਦੌਰਾਨ ਲਗਾਤਾਰ ਤਿੰਨ ਦਿਨ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਧਰਨਾ ਸਥਾਨ ਪੁੱਡਾ ਗਰਾਊਂਡ ਵਿਖੇ ਲੰਗਰ ਵੀ ਚਲਾਇਆ ਗਿਆ। ਇਸ ਲੰਗਰ ਦੌਰਾਨ ਦੋ ਦਿਨਾਂ ਦੇ ਵਾਂਗ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੁਖਦੇਵ ਸਿੰਘ ਕੋਕਰੀ ਸਮੇਤ ਹੋਰ ਲੀਡਰਸ਼ਿਪ ਹਾਜ਼ਰ ਰਹੀ।