ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਅਪਰੈਲ
ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਚੰਡੀਗੜ੍ਹ ਦੇ ਮੁੱਦੇ ਭੜਕ ਗਏ। ਉਹ ਪਿੰਡ ਟੌਹੜਾ ਵਿਚ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਬਰਸੀ ਮੌਕੇ ਪੁੱਜੇ ਸਨ। ਉਨ੍ਹਾਂ ਨੂੰ ਜਦੋਂ ਪੱਤਰਕਾਰਾਂ ਨੇ ਚੰਡੀਗੜ੍ਹ ਉੱਤੇ ਕੇਂਦਰ ਸਰਕਾਰ ਵੱਲੋਂ ਆਪਣੇ ਸਰਵਿਸ ਨਿਯਮ ਲਾਗੂ ਕਰਨ ਬਾਰੇ ਪੁੱਛਿਆ ਤਾਂ ਸ੍ਰੀ ਸ਼ੇਖਾਵਤ ਬੁਰੀ ਤਰ੍ਹਾਂ ਭੜਕ ਗਏ। ਉਨ੍ਹਾਂ ਕਿਹਾ ਕਿ ਮੈਂ ਇੱਥੇ ਚੰਡੀਗੜ੍ਹ ਦੇ ਮੁੱਦੇ ’ਤੇ ਗੱਲ ਕਰਨ ਨਹੀਂ ਆਇਆ। ਜਦੋਂ ਪੱਤਰਕਾਰਾਂ ਨੇ ਉਨ੍ਹਾਂ ਦਾ ਖਹਿੜਾ ਨਹੀਂ ਛੱਡਿਆ ਤਾਂ ਉਹ ਮਾਈਕ ਪਰ੍ਹਾਂ ਕਰਕੇ ਅੱਗੇ ਤੁਰ ਗਏ। ਉਂਝ ਉਨ੍ਹਾਂ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਬਾਰੇ ਉਨ੍ਹਾਂ ਕਿਹਾ ਕਿ ਜਥੇਦਾਰ ਟੌਹੜਾ ਦੀ ਸਿੱਖ ਪੰਥ ਨੂੰ ਬਹੁਤ ਦੇਣ ਹੈ। ਉਨ੍ਹਾਂ ਨੇ ਸਿੱਖਾਂ ਦੇ ਮਸਲੇ ਹੱਲ ਕਰਾਉਣ ਲਈ ਬਹੁਤ ਮਿਹਨਤ ਕੀਤੀ। ਅੱਜ ਉਨ੍ਹਾਂ ਦੀ ਯਾਦ ਵਿਚ ਹੋਰ ਰਹੇ ਸਮਾਗਮ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਲੋਕ ਅੱਜ ਵੀ ਪ੍ਰਣਾਮ ਕਰਦੇ ਹਨ। ਇਸ ਵੇਲੇ ਹਰਮੇਲ ਸਿੰਘ ਟੌਹੜਾ, ਬੀਬੀ ਕੁਲਦੀਪ ਕੌਰ ਟੌਹੜਾ, ਕੰਵਰਵੀਰ ਸਿੰਘ ਟੌਹੜਾ, ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਤੇ ਹੋਰ ਕਈ ਸਾਰੀਆਂ ਸ਼ਖ਼ਸੀਅਤਾਂ ਹਾਜ਼ਰ ਸਨ।