ਸਰਬਜੀਤ ਸਿੰਘ ਭੰਗੂ
ਪਟਿਆਲਾ, 13 ਮਈ
ਪਟਿਆਲਾ ਸ਼ਹਿਰ ਵਿੱਚ 29 ਅਪਰੈਲ ਨੂੰ ਵਾਪਰੀ ਹਿੰਸਕ ਘਟਨਾ ਸਬੰਧੀ ਜਮਹੂਰੀ ਅਧਿਕਾਰ ਸਭਾ ਵੱਲੋਂ ਅੱਜ ਆਪਣੀ ਤੱਥ ਖੋਜ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਮੁਤਾਬਕ ਘਟਨਾ ਦਾ ਮੁੱਖ ਕਾਰਨ ਬਣੇ ਖਾਲਿਸਤਾਨ ਵਿਰੋਧੀ ਮਾਰਚ ਦਾ ਪ੍ਰਾਚੀਨ ਕਾਲੀ ਮਾਤਾ ਮੰਦਿਰ ਨਾਲ ਕੋਈ ਸਬੰਧ ਨਹੀਂ ਸੀ ਤੇ ਮੰਦਿਰ ਦੇ ਨੇੜੇ ਝੜਪ ਤੇ ਪਥਰਾਅ ਦੀ ਘਟਨਾ ਯੋਜਨਾ ਤਹਿਤ ਨਹੀਂ ਸਗੋਂ ਅਚਾਨਕ ਵਾਪਰੀ ਸੀ।
ਇਹ ਰਿਪੋਰਟ ਅੱਜ ਇੱਥੇ ਸਭਾ ਦੇ ਪ੍ਰਧਾਨ ਪ੍ਰੋ. ਰਣਜੀਤ ਸਿੰਘ ਘੁੰਮਣ, ਸਕੱਤਰ ਵਿਧੂ ਸ਼ੇਖਰ ਭਾਰਦਵਾਜ ਨੇ ਜਾਰੀ ਕੀਤੀ। ਰਿਪੋਰਟ ਅਨੁਸਾਰ ਭਾਵੇਂ ਮੰਦਿਰ ’ਤੇ ਪਥਰਾਅ ਹੋਇਆ ਸੀ, ਪਰ ਕੋਈ ਵੀ ਪ੍ਰਰਦਸ਼ਨਕਾਰੀ ਮੰਦਿਰ ਦੇ ਅੰਦਰ ਨਹੀਂ ਵੜਿਆ। ਇਹ ਟਕਰਾਅ ਮੰਦਿਰ ਦੇ ਬਾਹਰ ਦੁਕਾਨਾਂ ਤੱਕ ਹੀ ਸੀਮਤ ਰਿਹਾ। ਪ੍ਰਦਰਸ਼ਨਕਾਰੀ ਸਿੱਖ ਕਾਰਕੁਨਾਂ ਵਿੱਚੋਂ ਬਹੁਤੇ ਬਾਹਰਲੇ ਜ਼ਿਲ੍ਹਿਆ ਤੋਂ ਸਨ।
ਰਿਪੋਰਟ ਵਿੱਚ ਇਸ ਟਕਰਾਅ ਲਈ ਬਲਜਿੰਦਰ ਸਿੰਘ ਪਰਵਾਨਾ ਤੇ ਹਰੀਸ਼ ਸਿੰਗਲਾ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ ਗਿਆ ਹੈ, ਉੱਥੇ ਹੀ ਸਥਾਨਕ ਪ੍ਰਸ਼ਾਸਨ ਤੇ ਪੁਲੀਸ ਵਿਭਾਗ ਨੂੰ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਵੀ ਗਰਦਾਨਿਆ ਹੈ। ਘਟਨਾ ਮਗਰੋਂ ਕੁਝ ਧਿਰਾਂ ਵੱਲੋਂ ਭਾਵੇਂ ਕਿ ਵਿਵਾਦ ਨੂੰ ਤੂਲ ਦੇਣ ਦੀ ਕੋਸਿਸ਼ ਵੀ ਕੀਤੀ ਗਈ, ਪਰ ਇਸ ਦੇ ਬਾਵਜੂਦ ਅਜਿਹੀਆਂ ਸ਼ਕਤੀਆਂ ਦੇ ਮਨਸੂਬੇ ਕਾਮਯਾਬ ਨਾ ਹੋ ਸਕੇ। ਉਨ੍ਹਾਂ ਅਨੁਸਾਰ ਸਥਾਨਕ ਪੱਧਰ ’ਤੇ ਹਿੰਦੂ ਅਤੇ ਸਿੱਖ ਸੰਗਠਨਾਂ ਦੇ ਆਗੂਆਂ ਦੀ ਭੂਮਿਕਾ ਉਸਾਰੂ ਸੀ। ਇੱੱਕ ਹੋਰ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ ਮੰਦਿਰ ਦੇ ਸਾਹਮਣਿਓਂ ਲੰਘ ਰਹੇ ਦਸ ਕੁ ਸਿੱਖ ਕਾਰਕੁਨਾ ਲੇ ਖਾਲਿਸਤਾਨ ਜ਼ਿੰਦਾਬਾਦ ਦਾ ਨਾਅਰਾ ਲਾ ਕੇ ਪਹਿਲਕਦਮੀ ਕੀਤੀ ਸੀ, ਪਰ ਪਥਰਾਅ ਦੀ ਪਹਿਲਕਦਮੀ ਮੰਦਿਰ ਵਾਲੇ ਪਾਸਿਓਂ ਹੋਈ ਸੀ। ਸਭਾ ਵੱਲੋਂ ਜੁਟਾਏ ਗਏ ਤੱਥਾਂ ਅਨੁਸਾਰ ਜ਼ਖ਼ਮੀ ਹੋਏ ਬਲਵਿੰਦਰ ਸਿੰਘ ਅਜਨਾਲੀ ਨਾਂ ਦੇ ਸਿੱਖ ਕਾਰਕੁਨ ਨੂੰ ਲੱਗੀ ਗੋਲੀ ਮੰਦਰ ਵੱਲੋਂ ਆਈ ਦੱਸੀ ਗਈ ਹੈ। ਦੂਜੇ ਪਾਸੇ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਹੋਏ ਇੱਕ ਹਿੰਦੂ ਸੰਗਠਨ ਦੇ ਪ੍ਰਮੁੱਖ ਆਗੂ ਆਸ਼ੂਤੋਸ਼ ਗੌਤਮ ’ਤੇ ਹਮਲਾ ਮੰਦਿਰ ਦੇ ਬਾਹਰ ਹੀ ਹੋਇਆ ਸੀ। ਇਕ ਹੋਰ ਤੱਥ ਮੁਤਾਬਕ ਸ਼ਿਵ ਸੈਨਾ ਆਗੂ ਵੱਲੋਂ ਮਾਰਚ ਦਾ ਪ੍ਰੋਗਰਾਮ ਆਰੀਆ ਸਮਾਜ ਚੌਕ ’ਚ ਉਲੀਕਿਆ ਗਿਆ ਸੀ, ਜੋ ਮੰਦਿਰ ਤੋਂ ਕਾਫ਼ੀ ਫਰਕ ’ਤੇ ਸਥਿਤ ਹੈ। ਭਾਵ ਮਾਰਚ ਦਾ ਮੰਦਿਰ ਨਾਲ ਕੋਈ ਸਬੰਧ ਨਹੀਂ ਸੀ, ਪਰ ਕਈ ਦਿਨਾਂ ਤੋਂ ਕੀਤੇ ਐਲਾਨ ਮੁਤਾਬਕ ਪੁਲੀਸ ਨਾ ਤਾਂ ਸ਼ਿਵ ਸੈਨਾ ਆਗੂ ਵੱਲੋਂ ਉਲੀਕਿਆ ਮਾਰਚ ਹੀ ਰੋਕ ਸਕੀ ਤੇ ਨਾ ਹੀ ਸਿੱਖ ਕਾਰਕੁਨਾ ਦੀ ਇਕੱਤਰਤਾ ਨੂੰ ਟਾਲ ਸਕੀ। ਇਥੋਂ ਤੱਕ ਕਿ ਖ਼ੁਫੀਆ ਤੰਤਰ ਵੱਲੋਂ ਟਕਰਾਓ ਦੀ ਸਥਿਤੀ ਪੈਦਾ ਹੋਣ ਸਬੰਧੀ ਆਗਾਹ ਕਰਨ ਦੇ ਬਾਵਜੂਦ ਪੁਲੀਸ ਪ੍ਰਸ਼ਾਸਨ ਨੇ ਬੈਰੀਕੇਡਿੰਗ ਤੱਕ ਨਹੀਂ ਕੀਤੀ ਸੀ।