ਨਿੱਜੀ ਪੱਤਰ ਪ੍ਰੇਰਕ
ਜਲੰਧਰ, 1 ਮਈ
ਜਲੰਧਰ ਵਿੱਚ ਦੂਜੇ ਸ਼ਹਿਰਾਂ ਦੇ ਮੁਕਾਬਲੇ ਆਕਸੀਜਨ ਵਾਲੇ ਬੈੱਡ ਜ਼ਿਆਦਾ ਹੋਣ ਕਾਰਨ ਇੱਥੇ ਬਾਹਰਲੇ ਸੂਬਿਆਂ ਦੇ ਮਰੀਜ਼ ਤੇਜ਼ੀ ਨਾਲ ਆ ਰਹੇ ਹਨ। ਡੀਸੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜਲੰਧਰ ਵਿੱਚ 136 ਮਰੀਜ਼ ਦੂਜੇ ਸੂਬਿਆਂ ਤੋਂ ਆ ਕੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਹਨ। ਪੰਜਾਬ ਦੇ ਹੋਰ ਜ਼ਿਲ੍ਹਿਆਂ ਤੋਂ ਵੀ ਮਰੀਜ਼ ਜਲੰਧਰ ਦੇ ਹਸਪਤਾਲਾਂ ਵਿੱਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਜਲੰਧਰ ਵਿੱਚ ਆਈਸੀਯੂ ਵਾਲੇ ਬੈੱਡ 85 ਫ਼ੀਸਦੀ ਤੋਂ ਵੱਧ ਭਰ ਚੁੱਕੇ ਹਨ ਤੇ ਆਕਸੀਜਨ ਵਾਲੇ ਬੈੱਡ ਅਜੇ 600 ਤੋਂ ਵੱਧ ਖਾਲੀ ਹਨ। ਨਿੱਜੀ ਹਸਪਤਾਲਾਂ ਨੂੰ 338 ਸਿਲੰਡਰ ਵਾਧੂ ਸਪਲਾਈ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਸਮੁੱਚੇ ਪ੍ਰਾਈਵੇਟ ਹਸਪਤਾਲਾਂ ਦੀ ਇੱਕ ਵਰਚੁਅਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਹਾਜ਼ਰੀ ਵਿੱਚ ਹੀ ਨਿੱਜੀ ਹਸਪਤਾਲਾਂ ਵੱਲੋਂ ਆਪਣੇ ਲਈ ਆਕਸੀਜਨ ਕੋਟਾ ਤੈਅ ਕੀਤਾ ਗਿਆ। ਨਿੱਜੀ ਹਸਪਤਾਲਾਂ ਨੂੰ ਅਲਾਟ ਕੀਤੇ ਜਾਣ ਵਾਲੇ ਸਿਲੰਡਰਾਂ ਦੀ ਗਿਣਤੀ ਹੁਣ ਪ੍ਰਤੀ ਦਿਨ ਕੁੱਲ ਸਿਲੰਡਰ 2385 ਹੋ ਗਈ ਹੈ।