ਬੇਅੰਤ ਸਿੰਘ ਸੰਧੂ
ਪੱਟੀ, 4 ਸਤੰਬਰ
ਥਾਣਾ ਸਦਰ ਪੱਟੀ ਅਧੀਨ ਪਿੰਡ ਦੁੱਬਲੀ ਵਿਚ ਬੀਤੀ ਰਾਤ ਚਾਚੇ ਨੇ ਭਤੀਜੇ ਦਾ ਕਥਿਤ ਤੌਰ ’ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਦੇ ਘਰਾਂ ’ਚ ਲੱਗਦੇ ਚਾਚੇ ਬਲਜੀਤ ਸਿੰਘ ਵਲੋਂ ਉਨ੍ਹਾਂ ਦੇ ਲੜਕੇ ਪ੍ਰਭਦਿਆਲ ਸਿੰਘ ਉਰਫ ਕਰਨ ਨੂੰ ਪਹਿਲਾਂ ਫੋਨ ’ਤੇ ਘਰ ਆਉਣ ਲਈ ਕਿਹਾ, ਜਦ ਉਹ ਨਹੀਂ ਗਿਆ ਤਾਂ ਮੁਲਜ਼ਮ ਬਲਜੀਤ ਸਿੰਘ ਉਸ ਨੂੰ ਘਰੋਂ ਆਪਣੇ ਨਾਲ ਲੈ ਗਿਆ ਤੇ ਆਪਣੇ ਘਰ ਲਿਜਾ ਕੇ ਆਪਣੀ 315 ਬੋਰ ਦੀ ਰਾਈਫਲ ਦੇ ਨਾਲ ਪ੍ਰਭਦਿਆਲ ਸਿੰਘ ਨੂੰ ਚਾਰ ਫਾਇਰ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਜ਼ਖ਼ਮੀ ਨੂੰ ਸਿਵਲ ਹਸਪਤਾਲ ਪੱਟੀ ਇਲਾਜ ਲਈ ਲਿਆਂਦਾ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਕਰੀਬ ਢਾਈ ਮਹੀਨੇ ਪਹਿਲਾਂ ਪ੍ਰਭਦਿਆਲ ਸਿੰਘ ਦਾ ਵਿਆਹ ਹੋਇਆ ਸੀ। ਥਾਣਾ ਸਦਰ ਪੱਟੀ ਅੰਦਰ ਮੁਲਜ਼ਮ ਬਲਜੀਤ ਸਿੰਘ ਵਾਸੀ ਦੁੱਬਲੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪਰ ਮੁਲਜ਼ਮ ਫ਼ਰਾਰ ਹੈ।