ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 27 ਜੂਨ
ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਾਲ ਹਲਕਾ ਭੁੱਲਰ ਵਿਚ ਤਾਇਨਾਤ ਪਟਵਾਰੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਨਿੱਜੀ ਸਹਾਇਕ ਕੁਲਦੀਪ ਸਿੰਘ ਨੂੰ 18 ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਪਟਵਾਰੀ ਤੇ ਉਸ ਦੇ ਪੀਏ ਨੂੰ ਗੁਰਪਾਲ ਸਿੰਘ ਵਾਸੀ ਪਿੰਡ ਭੁੱਲਰ ਦੀ ਸ਼ਿਕਾਇਤ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਗੁਰਪਾਲ ਸਿੰਘ ਨੇ ਵਿਜੀਲੈਂਸ ਬਿਊਰੋ ਸ੍ਰੀ ਮੁਕਤਸਰ ਸਾਹਿਬ ਯੂਨਿਟ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਟਵਾਰੀ ਨੇ ਉਸ ਦੇ ਪਿਤਾ ਦੀ ਮੌਤ ਤੋਂ ਬਾਅਦ ਜੱਦੀ ਜ਼ਮੀਨ ਗੁਰਪਾਲ ਸਿੰਘ (ਸ਼ਿਕਾਇਤਕਰਤਾ) ਅਤੇ ਉਸ ਦੇ ਭਰਾ ਦੇ ਨਾਮ ਤਬਦੀਲ ਕਰਨ ਬਦਲੇ 18 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ। ਵਿਜੀਲੈਂਸ ਨੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 18,000 ਰੁਪਏ ਰਿਸ਼ਵਤ ਲੈਂਦਿਆਂ ਉਕਤ ਦੋਵਾਂ ਜਣਿਆਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ।