ਮਾਨਵ ਮੰਡੇਰ
ਲੁਧਿਆਣਾ, 6 ਸਤੰਬਰ
ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਡਾਕਟਰਾਂ ਨੇ 9 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ, ਇਸ ਨਾਲ ਸੂਬੇ ਵਿੱਚ ਡਾਕਟਰੀ ਸੇਵਾਵਾਂ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਜ਼ਿਕਰਯੋਗ ਹੈ ਕਿ ਲੰਮੇ ਸਮੇਂ ਤੋਂ ਲਮਕਦੀਆਂ ਆ ਰਹੀਆਂ ਮੰਗਾਂ ਕਾਰਨ ਡਾਕਟਰਾਂ ਨੇ ਹੜਤਾਲ ਕਰਨ ਦਾ ਐਲਾਨ ਕੀਤਾ ਹੈ।
ਹੜਤਾਲ ਬਾਰੇ ਪਹਿਲਾਂ ਹੀ ਸੂਚਿਤ ਕਰਨ ਲਈ ਡਾਕਟਰ ਮਰੀਜ਼ਾਂ ਨੂੰ ਓਪੀਡੀ ਦੀਆਂ ਪਰਚੀਆਂ ਦੇ ਨਾਲ ਹੜਤਾਲ ਦੌਰਾਨ ਆਪਣੀਆਂ ਮੰਗਾਂ ਦਾ ਇੱਕ ਪਰਚਾ ਵੀ ਵੰਡ ਰਹੇ ਹਨ।
ਪੀਸੀਐਮਐਸਏ ਦੇ ਸੂਬਾ ਪ੍ਰਧਾਨ ਅਖਿਲ ਸਰੀਨ ਨੇ ਕਿਹਾ ਕਿ ਡਾਕਟਰ 6 ਅਤੇ 7 ਸਤੰਬਰ ਨੂੰ ਹਾਜ਼ਰ ਹੋਣ ਵਾਲੇ ਸਾਰੇ ਓਪੀਡੀ ਮਰੀਜ਼ਾਂ ਨੂੰ ਘੱਟੋ ਘੱਟ ਦੋ ਤੋਂ ਤਿੰਨ ਹਫ਼ਤਿਆਂ ਦੀਆਂ ਦਵਾਈਆਂ ਲਿਖ ਕੇ ਦੇ ਰਹੇ ਹਨ, ਤਾਂ ਜੋ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਅਣਮਿੱਥੇ ਸਮੇਂ ਲਈ ਸੇਵਾਵਾਂ ਨੂੰ ਮੁਅੱਤਲ ਕਰਨ ਵਿੱਚ ਸਫ਼ਲਤਪੂਰਵਕ ਮਦਦ ਕੀਤੀ ਜਾ ਸਕੇ।
ਡਾਕਟਰਾਂ ਦੀਆਂ ਮੰਗਾਂ ਵਿਚ ਤਰੱਕੀ, ਛੇਵੇਂ ਤਨਖ਼ਾਹ ਕਮਿਸ਼ਨ ਦੇ ਬਕਾਏ ਅਤੇ ਹੋਰ ਮੰਗਾਂ ਦੇ ਨਾਲ ਕੰਮ ਵਾਲੀ ਥਾਂ ‘ਤੇ ਸੁਰੱਖਿਆ ਦੇ ਮੁੱਦੇ ਸ਼ਾਮਲ ਹਨ।
ਐਸੋਸੀਏਸ਼ਨ ਪ੍ਰਧਾਨ ਅਖਿਲ ਨੇ ਕਿਹਾ ਕਿ ਸੂਬੇ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਲੋੜ ਤੋਂ ਅੱਧੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ। ਮਰੀਜ਼ਾਂ ਨੂੰ ਦੇਖਣ ਤੋਂ ਇਲਾਵਾ, ਡਾਕਟਰਾਂ ਨੂੰ ਹੋਰ ਜ਼ਿੰਮੇਵਾਰੀਆਂ ਜਿਵੇਂ ਕਿ ਵੀਆਈਪੀ ਅਤੇ ਐਮਰਜੈਂਸੀ ਡਿਊਟੀਆਂ, ਪੋਸਟਮਾਰਟਰਮ ਅਤੇ ਮੈਡੀਕੋ ਕਾਨੂੰਨੀ ਕੇਸਾਂ ਨਾਲ ਦਾ ਬੋਝ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਡਾਕਟਰਾਂ ਦੀਆਂ 4600 ਮਨਜ਼ੂਰ ਅਸਾਮੀਆਂ ਹਨ ਜਿਨ੍ਹਾਂ ਵਿੱਚੋਂ 2800 ਖਾਲੀ ਪਈਆਂ ਹਨ।
ਉਨ੍ਹਾਂ ਕਿਹਾ ਕਿ ਡਾਕਟਰਾਂ ਦੀ ਇੱਕ ਹੋਰ ਵੱਡੀ ਮੰਗ ਵਿੱਚ ਕੰਮ ਵਾਲੀਆਂ ਥਾਵਾਂ ’ਤੇ ਹਰ ਸਮੇਂ ਸੁਰੱਖਿਆ ਸ਼ਾਮਲ ਹੈ ਕਿਉਂਕਿ ਉਨ੍ਹਾਂ ਨੂੰ ਅਕਸਰ ਗੁੱਸੇ ਵਿੱਚ ਆਏ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮਾਰ ਝੱਲਣੀ ਪੈਂਦੀ ਹੈ।