ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 25 ਦਸੰਬਰ
ਦਸਮ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਬੁੱਢਾ ਦਲ ਵੱਲੋਂ ਗੁਰਦੁਆਰਾ ਬਬਿਾਨਗੜ੍ਹ ਸਾਹਿਬ ਵਿਚ ਆਰੰਭ ਹੋ ਚੁੱਕੇ ਹਨ। ਨਿਹੰਗ ਸਿੰਘਾਂ ਦੀ ਪੁਰਾਤਨ ਰਵਾਇਤ ਅਨੁਸਾਰ ਅਖੰਡ ਪਾਠ ਆਰੰਭ ਹੋ ਚੁੱਕੇ ਹਨ, ਜਿਨ੍ਹਾਂ ਦਾ ਭੋਗ 27 ਦਸੰਬਰ ਤੇ 28 ਦਸੰਬਰ ਨੂੰ ਕ੍ਰਮਵਾਰ ਪਾਏ ਜਾਣਗੇ। 27 ਨੂੰ ਨਗਰ ਕੀਰਤਨ ਦੀ ਸਮਾਪਤੀ ਤੋਂ ਬਾਅਦ ਅਗਲੇ ਦਿਨ 28 ਦਸੰਬਰ ਨੂੰ ਦਸਮ ਪਾਤਸ਼ਾਹ ਵੱਲੋਂ ਬਖ਼ਸ਼ਿਸ ਸਸ਼ਤਰਾਂ, ਨਿਸ਼ਾਨਾਂ, ਨਗਾਰਿਆਂ, ਢਾਲਾਂ ਦੀ ਤਾਬਿਆਂ ਅਤੇ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ 14ਵੇਂ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖ਼ਤ ਦੀ ਅਗਵਾਈ ਵਿਚ ਨਿਹੰਗ ਸਿੰਘ ਫ਼ੌਜਾਂ ਮਹੱਲਾ ਕੱਢਣਗੀਆਂ, ਜਿਸ ਵਿਚ ਸਸ਼ਤਰ ਕਲਾਂ, ਗਤਕਾ ਅਤੇ ਘੋੜ ਦੌੜ, ਕਿਲੇ ਪੁੱਟਣੇ ਆਦਿ ਕਰਤੱਬ ਹੋਣਗੇ। ਦਲ ਦੇ ਸਕੱਤਰ ਦਿਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਦਿੱਲੀ ਵਿਚ ਕਿਸਾਨ ਅੰਦੋਲਨ ਦੀ ਪੂਰਨ ਹਮਾਇਤ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਪੰਜਵਾ ਤਖ਼ਤ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਦੀਆਂ ਹਦਾਇਤਾਂ ਤੇ ਨਿਹੰਗ ਸਿੰਘ ਫ਼ੌਜਾਂ ਪੂਰੀ ਤਰ੍ਹਾਂ ਡਟੀਆਂ ਹੋਈਆਂ ਹਨ। ਚਮਕੌਰ ਸਾਹਿਬ ਦੇ ਸ਼ਹੀਦੀ ਸਭਾ ਤੋਂ ਬਾਅਦ ਬੁੱਢਾ ਦਲ ਨਿਹੰਗ ਸਿੰਘਾਂ ਦੀ ਛਾਉਣੀ ਵਿਚਲੇ ਸਿੰਘ ਬਦਲ-ਬਦਲ ਕੇ ਵੱਡੀ ਗਿਣਤੀ ਦਿੱਲੀ ਭੇਜੇ ਜਾ ਰਹੇ ਹਨ ਜੋ ਕਿਸਾਨਾਂ ਨਾਲ ਮੋਢਾ ਜੋੜ ਕੇ ਸੇਵਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਵਿਚ ਬੁੱਢਾ ਦਲ ਅਤੇ ਤਰਨਾ ਦਲਾਂ ਦੇ ਨਿਹੰਗ ਸਿੰਘ ਫ਼ੌਜਾਂ ਦਿੱਲੀ ਵਿਚ ਤਾਇਨਾਤ ਹਨ। ਉਨ੍ਹਾਂ ਕਿਹਾ ਕਿ ਨਿਹੰਗ ਸਿੰਘਾਂ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਭਾਈਚਾਰੇ ਨਾਲ ਰਾਜਨੀਤਿਕ ਖੇਡਾਂ ਖੇਡ ਰਹੀ ਹੈ, ਕਦੇ ਮੀਟਿੰਗਾਂ ਦਾ ਸਿਲਸਿਲਾ, ਕਦੇ ਚਿੱਠੀਆਂ ਦੀ ਲਿਖਾ-ਪੜੀ ਵਿਚ ਸਮਾਂ ਲੰਘਾ ਰਹੀ ਹੈ ਜੋ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸ਼ਾਂਤਮਈ ਅੰਦੋਲਨ ਚੰਗੇ ਸਿੱਟੇ ਸਾਹਮਣੇ ਲਿਆਵੇਗਾ।
ਘਨੌਲੀ (ਜਗਮੋਹਨ ਸਿੰਘ): ਅੱਜ ਭਰਤਗੜ੍ਹ ਖੇਤਰ ਦੇ ਨੌਜਵਾਨਾਂ ਤੇ ਕਿਸਾਨਾਂ ਦੁਆਰਾ ਪਿੰਡ ਨੰਗਲ ਸਰਸਾ ਤੋਂ ਲੈ ਕੇ ਸ੍ਰੀ ਆਨੰਦਪੁਰ ਸਾਹਿਬ ਤੱਕ ਰੋਸ ਰੈਲੀ ਕੱਢੀ ਗਈ। ਗੁਰਸੇਵਕ ਸਿੰਘ ਭਰਤਗੜ੍ਹ ਅਤੇ ਰਘਬੀਰ ਸਿੰਘ ਭਰਤਗੜ੍ਹ ਦੀ ਦੇਖ-ਰੇਖ ਹੇਠ ਕਿਸਾਨ ਏਕਤਾ ਮੰਚ ਨੱਕੀਆਂ ਟੌਲ ਪਲਾਜ਼ਾ ਅਤੇ ਬਾਬਾ ਹਰਭਜਨ ਸਿੰਘ ਕਾਰ ਸੇਵਾ ਗੁਰਦੁਆਰਾ ਮੰਜੀ ਸਾਹਿਬ ਭਰਤਗੜ੍ਹ ਵਾਲਿਆਂ ਦੇ ਸਹਿਯੋਗ ਨਾਲ ਕੱਢੀ ਗਈ ਰੋਸ ਰੈਲੀ ਦੌਰਾਨ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਤੇ ਇਸ ਦੇ ਨਾਲ ਹੀ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਖ਼ਿਲਾਫ਼ ਵੀ ਨਾਅਰੇਬਾਜ਼ੀ ਕੀਤੀ ਗਈ। ਨੰਗਲ ਸਰਸਾ ਤੋਂ ਸ੍ਰੀ ਆਨੰਦਪੁਰ ਸਾਹਿਬ ਲਈ ਮੋਟਰਸਾਈਕਲਾਂ, ਟਰੈਕਟਰਾਂ ਅਤੇ ਹੋਰ ਵਾਹਨਾਂ ’ਤੇ ਸਵਾਰ ਹੋ ਕੇ ਰਵਾਨਾਂ ਹੋਣ ਤੋਂ ਪਹਿਲਾਂ ਰੋਸ ਰੈਲੀ ਨੂੰ ਡਾ. ਸਮਸ਼ੇਰ ਸਿੰਘ ਝੱਖੀਆਂ, ਜਿੰਦਰ ਸਿੰਘ ਭਰਤਗੜ੍ਹ, ਅੰਮ੍ਰਿਤਪਾਲ ਸਿੰਘ ਬੜਾ ਪਿੰਡ, ਜਸਵਿੰਦਰ ਸਿੰਘ ਢਿੱਲੋਂ ਤੇ ਕਿਸਾਨ ਏਕਤਾ ਮੰਚ ਨੱਕੀਆਂ ਟੋਲ ਪਲਾਜ਼ਾ ਦੇ ਹੋਰ ਅਹੁਦੇਦਾਰਾਂ ਨੇ ਵੀ ਸੰਬੋਧਨ ਕੀਤਾ।
ਨੂਰਪੁਰ ਬੇਦੀ (ਬਲਵਿੰਦਰ ਰੈਤ): ਪਿਛਲੇ 6 ਮਹੀਨਿਆਂ ਤੋਂ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਨੂੰ ਮੁੱਖ ਰੱਖਦੇ ਹੋਏ ਇਲਾਕਾ ਸੰਘਰਸ਼ ਕਮੇਟੀ ਨੂਰਪੁਰ ਬੇਦੀ ਨੂੰ ਭੰਗ ਕਰਨ ਦਾ ਫੈ਼ਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਕਮੇਟੀ ਦੇ ਪ੍ਰਧਾਨ ਮਾਸਟਰ ਗੁਰਨਾਇਬ ਸਿੰਘ ਜੇਤੇਵਾਲ ਨੇ ਦਿੱਤੀ। ਉਨ੍ਹਾਂ ਕਿਹਾ ਕਿ ਆਮ ਤੌਰ ਤੇ ਲੋਕਾਂ ਦੀ ਨਜ਼ਰਾਂ ਕਿਸਾਨ ਸੰਘਰਸ਼ ਵੱਲ ਕੇਂਦਰਿਤ ਹਨ, ਜਿਸ ਕਰਕੇ ਇਲਾਕਾ ਸੰਘਰਸ਼ ਕਮੇਟੀ ਦੀਆਂ ਸਾਰੀਆਂ ਗਤਵਿਧੀਆਂ ਠੱਪ ਪਈਆਂ ਹਨ। ਇਸ ਲਈ ਇਸ ਦੀ ਨਵੀਂ ਚੋਣ ਅਗਲੇ ਸਾਲ ਫਰਵਰੀ ਮਹੀਨੇ ਵਿੱਚ ਕੀਤੀ ਜਾਵੇਗੀ। ਉਸ ਵੇਲੇ ਤੱਕ ਸਾਰੇ ਅਹੁਦੇਦਾਰਾਂ ਨੂੰ ਅਪੀਲ ਹੈ ਕਿ ਉਹ ਆਪਣੇ ਅਹੁਦੇ ਅਤੇ ਇਲਾਕਾ ਸੰਘਰਸ਼ ਕਮੇਟੀ ਨੂਰਪੁਰ ਬੇਦੀ ਦੇ ਨਾਂ ਦੀ ਵਰਤੋਂ ਨਹੀਂ ਕਰਨਗੇ। ਇਸ ਦੌਰਾਨ ਨਵੀਂ ਚੋਣ ਕਰਵਾਉਣ ਦੀ ਜਿਮੇਵਾਰੀ ਕਮੇਟੀ ਦੇ ਸਾਬਕਾ ਪ੍ਰਧਾਨ ਗੁਰਨਾਇਬ ਸਿੰਘ ਜੇਤੇਵਾਲ ਅਤੇ ਸਿੰਗਾਰਾ ਸਿੰਘ ਬੈਂਸ ਨੂੰ ਸੌਂਪੀ ਗਈ ਹੈ।
ਮੋਦੀ ਸਰਕਾਰ ਕਿਸਾਨਾਂ ਦੀ ਹਰ ਮੁਸ਼ਕਿਲ ਹੱਲ ਕਰਨ ਲਈ ਤਿਆਰ: ਅਨਿਲ ਸਰੀਨ
ਨੰਗਲ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਵੱਲੋਂ ਖੇਤੀ ਕਾਨੂੰਨ ਕਿਸਾਨਾਂ ਦੇ ਫਾਇਦੇ ਲਈ ਹੀ ਲਿਆਂਦੇ ਗਏ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਜਪਾ ਵੱਲੋਂ ਨਗਰ ਕੌਂਸਲ ਨੰਗਲ ਦੀਆਂ ਚੌਣਾਂ ਲਈ ਨਿਯੁਕਤ ਕੀਤੇ ਚੌਣ ਇੰਚਾਰਜ ਅਨਿਲ ਸਰੀਨ ਨੇ ਨੰਗਲ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ। ਅਨਿਲ ਸਰੀਨ ਅੱਜ ਨੰਗਲ ਵਿਚ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਦੇ ਜਨਮ ਦਿਨ ਮੌਕੇ ਲਗਾਏ ਗਏ ਵਿਸ਼ੇਸ਼ ਟੇੇੇਨਿੰਗ ਕੈਂਪ ਦੌਰਾਨ ਵਰਕਰਾਂ ਨੂੰ ਜਾਗਰੂਕ ਕਰਨ ਲਈ ਪਹੁੰਚੇ ਸਨ। ਇਸ ਮੌਕੇ ਅਨਿਲ ਸਰੀਨ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਚਲਾਈਆਂ ਗਈਆਂ ਵੱਖ-ਵੱਖ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਸ੍ਰੀ ਸਰੀਨ ਨੇ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਰਲ-ਮਿਲ ਕੇ ਬੈਠਕਾਂ ਰਾਹੀਂ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਦਾ ਹੱਲ ਕਰਨ ਲਈ ਖੁਲ੍ਹੇ ਮਨ ਨਾਲ ਤਿਆਰ ਹੈ।