ਮੁੱਖ ਅੰਸ਼
- ਗ੍ਰਿਫ਼ਤਾਰ ਵਿਅਕਤੀਆਂ ਬਾਰੇ ਸੋਸ਼ਲ ਮੀਡੀਆ ’ਤੇ ਵੱਖ-ਵੱਖ ਸੂਚੀਆਂ ਨਸ਼ਰ
- ਦਿੱਲੀ ਕਮੇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ ਤਿਆਰ ਕੀਤੀਆਂ ਸੂਚੀਆਂ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 31 ਜਨਵਰੀ
ਗਣਤੰਤਰ ਦਿਵਸ ਮੌਕੇ ਕਿਸਾਨ ਟਰੈਕਟਰ ਪਰੇਡ ਅਤੇ ਸਿੰਘੂ ਤੇ ਟਿਕਰੀ ਬਾਰਡਰ ’ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਲਾਪਤਾ ਕਿਸਾਨਾਂ ਤੇ ਨੌਜਵਾਨਾਂ ਬਾਰੇ ਅਜੇ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ। ਇਸ ਮਾਮਲੇ ਵਿਚ ਨਾ ਤਾਂ ਸਰਕਾਰ ਸਪੱਸ਼ਟ ਕਰ ਰਹੀ ਹੈ ਅਤੇ ਨਾ ਹੀ ਲਾਪਤਾ ਵਿਅਕਤੀਆਂ ਦੇ ਵਾਰਸਾਂ ਨੂੰ ਕੋਈ ਜਾਣਕਾਰੀ ਮਿਲ ਰਹੀ ਹੈ।
ਵੇਰਵਿਆਂ ਮੁਤਾਬਕ ਹੁਣ ਤੱਕ ਲਗਭਗ 100 ਤੋਂ ਵੱਧ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਪਤਾ ਲੱਗਾ ਹੈ। ਗ੍ਰਿਫ਼ਤਾਰ ਵਿਅਕਤੀਆਂ ਦੇ ਵੇਰਵਿਆਂ ਬਾਰੇ ਸੋਸ਼ਲ ਮੀਡੀਆ ’ਤੇ ਵੱਖ-ਵੱਖ ਸੂਚੀਆਂ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ਰਾਹੀਂ ਲੋਕਾਂ ਨੂੰ ਆਪਣੇ ਲਾਪਤਾ ਮੈਂਬਰਾਂ ਬਾਰੇ ਪਤਾ ਲੱਗ ਰਿਹਾ ਹੈ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਵਲੋਂ ਅਜਿਹੇ 40 ਵਿਅਕਤੀਆਂ ਦੀ ਇਕ ਸੂਚੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵਲੋਂ ਅੱਜ 33 ਵਿਅਕਤੀਆਂ ਅਤੇ ਇਸ ਤੋਂ ਪਹਿਲਾਂ 45 ਹੋਰ ਵਿਅਕਤੀਆਂ ਦੀ ਇਕ ਸੂਚੀ ਨੂੰ ਆਪਣੇ ਫੇਸਬੁੱਕ ਖਾਤੇ ਰਾਹੀਂ ਜਨਤਕ ਕੀਤਾ ਗਿਆ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਵਲੋਂ ਅੱਜ ਜਨਤਕ ਕੀਤੀ ਗਈ 33 ਵਿਅਕਤੀਆਂ ਦੀ ਸੂਚੀ ਵਿਚ ਮਾਨਸਾ ਜ਼ਿਲ੍ਹੇ ਦੇ 7, ਸੰਗਰੂਰ ਦੇ 5, ਮੋਹਾਲੀ ਦੇ 2, ਫਤਹਿਗੜ੍ਹ ਸਾਹਿਬ ਦੇ 2, ਮੋਗਾ ਦੇ 2 , ਪਟਿਆਲਾ ਦੇ ਤਿੰਨ, ਹਰਿਆਣਾ ਦੇ 4, ਨਵਾਂਸ਼ਹਿਰ ਦਾ ਇਕ, ਲੁਧਿਆਣਾ ਦੇ 2, ਗੁਰਦਾਸਪੁਰ ਦੇ ਤਿੰਨ, ਪੱਟੀ 1 ਅਤੇ ਬਠਿੰਡਾ ਦੇ ਇਕ ਵਿਅਕਤੀ ਦਾ ਨਾਂ ਸ਼ਾਮਲ ਹਨ। ਮਨੁੱਖੀ ਅਧਿਕਾਰ ਸੰਗਠਨਾਂ ਵਲੋਂ ਜਾਰੀ ਸੂਚੀ ਮੁਤਾਬਕ ਦਿੱਲੀ ਪੁਲੀਸ ਨੇ ਵੱਖ ਵੱਖ ਥਾਣਿਆਂ ਵਿਚ ਛੇ ਐੱਫਆਈਆਰ ਦਰਜ ਕੀਤੀਆਂ ਹਨ ਜਿਨ੍ਹਾਂ ਵਿਚ ਲਗਭਗ 40 ਵਿਅਕਤੀਆਂ ਦੇ ਵੇਰਵੇ ਦਰਜ ਹਨ। ਇਸ ਸੂਚੀ ਮੁਤਾਬਕ ਐੱਫਆਈਆਰ ਨੰਬਰ 43, ਜੋ ਥਾਣਾ ਅਲੀਪੁਰ ਵਿਖੇ ਦਰਜ ਹੈ, ਵਿਚ ਮਾਨਸਾ ਜ਼ਿਲ੍ਹੇ ਦੇ ਦੋ ਵਿਅਕਤੀ, ਐੱਫਆਈਆਰ ਨੰਬਰ 44, ਜੋ ਥਾਣਾ ਨਜ਼ਫਗੜ੍ਹ (ਦੁਆਰਕਾ) ਵਿਖੇ ਦਰਜ ਹੈ, ਵਿਚ ਸੱਤ ਵਿਅਕਤੀ, ਐੱਫਆਈਆਰ ਨੰਬਰ 48, ਜੋ ਥਾਣਾ ਉੱਤਮ ਨਗਰ ਵਿਖੇ ਦਰਜ ਹੈ, ’ਚ ਅੱਠ ਵਿਅਕਤੀ, ਐੱਫਆਈਆਰ ਨੰਬਰ 46, ਜੋ ਥਾਣਾ ਨੰਗੋਲੀ ਵਿਖੇ ਦਰਜ ਹੈ, ਵਿਚ ਅੱਠ ਵਿਅਕਤੀ, ਐੱਫਆਈਆਰ ਨੰਬਰ 41, ਜੋ ਥਾਣਾ ਸੀਮਾਪੁਰੀ ’ਚ ਦਰਜ ਹੈ, ਵਿਚ ਤਿੰਨ ਵਿਅਕਤੀਆਂ ਬਾਰੇ ਵੇਰਵੇ ਸ਼ਾਮਲ ਹਨ।
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਉਹ ਇਸ ਮਾਮਲੇ ਵਿਚ ਲਗਾਤਾਰ ਪੁਲੀਸ ਨਾਲ ਸੰਪਰਕ ਕਰ ਰਹੇ ਹਨ ਤਾਂ ਜੋ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਕਿਸਾਨਾਂ ਅਤੇ ਨੌਜਵਾਨਾਂ ਦਾ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਬੀਤੇ ਕੱਲ 45 ਤੋਂ ਵੱਧ ਵਿਅਕਤੀਆਂ ਦੀ ਸ਼ਨਾਖਤ ਕੀਤੀ ਗਈ ਸੀ ਅਤੇ ਅੱਜ ਵੀ 33 ਵਿਅਕਤੀਆਂ ਦਾ ਪਤਾ ਲੱਗਾ ਹੈ। ਇਨਾਂ ਵਿਚੋਂ ਵਧੇਰੇ ਵਿਅਕਤੀਆਂ ਖ਼ਿਲਾਫ਼ ਧਾਰਾ 307 ਸਮੇਤ ਹੋਰ ਧਾਰਾਵਾਂ ਹੇਠ ਕੇਸ ਦਰਜ ਹਨ ਅਤੇ ਇਨ੍ਹਾਂ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਟਿਕਰੀ ਅਤੇ ਸਿੰਘੂ ਬਾਰਡਰ ਤੋਂ ਗ੍ਰਿਫ਼ਤਾਰ ਕੁਝ ਨੌਜਵਾਨਾਂ ਦੀ ਜਾਣਕਾਰੀ ਵੀ ਮਿਲੀ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਲਗਭਗ 200 ਤੋਂ ਵੱਧ ਵਿਅਕਤੀ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਮਦਦ ਲਈ ਦਿੱਲੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਮੁਫ਼ਤ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਰਣਜੀਤ ਸਿੰਘ ਨੂੰ ਉਹ ਤਿਹਾੜ ਜੇਲ੍ਹ ਵਿਚ ਮਿਲੇ ਹਨ, ਜੋ ਚੜ੍ਹਦੀ ਕਲਾ ਵਿਚ ਹੈ।
ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਐਡਵੋਕੇਟ ਸਰਬਜੀਤ ਸਿੰਘ ਨੇ ਆਖਿਆ ਕਿ ਲਾਪਤਾ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਵਲੋਂ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ ਪਰ ਹੁਣ ਤੱਕ ਲਾਪਤਾ ਅਤੇ ਪੁਲੀਸ ਵਲੋਂ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਕੁੱਲ ਗਿਣਤੀ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਨਾ ਤਾਂ ਪੁਲੀਸ ਅਤੇ ਨਾ ਹੀ ਸਰਕਾਰ ਵਲੋਂ ਸਪੱਸ਼ਟ ਕੀਤਾ ਜਾ ਰਿਹਾ ਹੈ।