ਰਮੇਸ਼ ਭਾਰਦਵਾਜ
ਲਹਿਰਾਗਾਗਾ, 13 ਦਸੰਬਰ
ਖੇਤੀ ਕਾਨੂੰਨ ਰੱਦ ਕਰਵਾਉਣ ਲਈ ਵਿੱਢੇ ਸੰਘਰਸ਼ ਵਿੱਚ ਹਰ ਕੋਈ ਆਪੋ-ਆਪਣੇ ਤਰੀਕੇ ਹਿੱਸਾ ਪਾ ਰਿਹਾ ਹੈ। ਇਸੇ ਤਹਿਤ ਸੇਖੂਵਾਸ ਦੀਆਂ ਔਰਤਾਂ ਵੀ ਸੰਘਰਸ਼ਕਾਰੀਆਂ ਨੂੰ ਠੰਢ ਤੋਂ ਬਚਾਉਣ ਲਈ ਸਵੈਟਰ, ਕੋਟੀਆਂ, ਟੋਪੀਆਂ ਆਦਿ ਬਣਾ ਕੇ ਭੇਜ ਰਹੀਆਂ ਹਨ।
ਸੇਖੂਵਾਸ ਦੀਆਂ ਔਰਤਾਂ ਘਰਾਂ ਦਾ ਕੰਮ ਨਬਿੇੜ ਕੇ ਸਾਂਝੀ ਥਾਂ ’ਤੇ ਬੈਠ ਜਾਂਦੀਆਂ ਹਨ ਅਤੇ ਬੁਣਨ ਲੱਗ ਜਾਂਦੀਆਂ ਹਨ। ਇਸ ਸਬੰਧੀ ਜਸਵਿੰਦਰ ਕੌਰ, ਹਰਪ੍ਰੀਤ ਕੌਰ ਅਤੇ ਚਰਨਪ੍ਰੀਤ ਕੌਰ ਨੇ ਦੱਸਿਆ ਕਿ ਦਿਨੋਂ-ਦਿਨ ਵਧ ਰਹੀ ਠੰਢ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਗਰਮ ਕੱਪੜੇ ਬੁਣ ਕੇ ਭੇਜਣ ਦੀ ਸੇਵਾ ਸ਼ੁਰੂ ਕੀਤੀ ਹੈ ਤਾਂ ਕਿ ਸੰਘਰਸ਼ ਵਿੱਚ ਸ਼ਾਮਲ ਕਿਸਾਨਾਂ ਦਾ ਠੰਢ ਅਤੇ ਬੱਦਲਵਾਈ ਤੋਂ ਬਚਾ ਹੋ ਸਕੇ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਔਰਤਾਂ ਸੰਘਰਸ਼ੀ ਕਿਸਾਨਾਂ ਨੂੰ ਘਰ, ਖੇਤ ਅਤੇ ਪਸ਼ੂਆਂ ਦਾ ਫਿਕਰ ਨਾ ਕਰਨ ਦੇ ਸੁਨੇਹੇ ਵੀ ਭੇਜ ਰਹੀਆਂ ਹਨ।
ਇਸ ਮੌਕੇ ਕਿਸਾਨ ਆਗੂ ਜਸਵਿੰਦਰ ਕੌਰ ਨੇ ਦੱਸਿਆ ਕਿ ਦਿੱਲੀ ਬੈਠੇ ਧਰਨਾਕਾਰੀਆਂ ਲਈ ਪੂਰੇ ਪੰਜਾਬ ’ਚੋਂ ਕੱਪੜੇ, ਖਾਣ-ਪੀਣ ਦਾ ਸਾਮਾਨ, ਸੁੱਕੇ ਮੇਵੇ ਅਤੇ ਹੋਰ ਸਾਮਾਨ ਪੁੱਜ ਰਿਹਾ ਹੈ, ਜਿਸ ਨਾਲ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੁੱਜੇ ਲੱਖਾਂ ਕਿਸਾਨਾਂ ਦਾ ਇਕੱਠ ਦਰਸਾ ਰਿਹਾ ਹੈ ਕਿ ਮੋਦੀ ਸਰਕਾਰ ਨੂੰ ਇਹ ਕਾਨੂੰਨ ਜਲਦੀ ਰੱਦ ਕਰਨੇ ਪੈਣਗੇ।