ਸ਼ਗਨ ਕਟਾਰੀਆ
ਜੈਤੋ, 6 ਅਕਤੂਬਰ
ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਦੇ ਰੇਲਵੇ ਸਟੇਸ਼ਨ ’ਤੇ ਅਣਮਿੱਥੇ ਸਮੇਂ ਦਾ ਧਰਨਾ ਅੱਜ ਛੇਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਮੋਰਚੇ ਦੀ ਕਮਾਨ ਜਥੇਬੰਦੀ ਦੇ ਮਹਿਲਾ ਵਿੰਗ ਨੇ ਸੰਭਾਲੀ। ਉਨ੍ਹਾਂ ਪਿੰਡ ’ਚ ਰੋਸ ਮਾਰਚ ਕਰਨ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਸਾੜਿਆ।
ਇਸ ਧਰਨੇ ਵਿੱਚ ਇਸਤਰੀ ਵਿੰਗ ਦੀ ਸੂਬਾ ਆਗੂ ਐਡਵੋਕੇਟ ਬਲਵੀਰ ਕੌਰ ਮਾਨਸਾ ਵੀ ਪੁੱਜੇ। ਉਨ੍ਹਾਂ ਕਿਹਾ ਕਿ ਉਹ ਖੇਤੀ ਕਾਨੂੰਨਾਂ ਨੂੰ ਹਰ ਹਾਲਤ ਰੱਦ ਕਰਵਾ ਕੇ ਹੀ ਸਾਹ ਲੈਣਗੇ। ਉਨ੍ਹਾਂ ਆਖਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨੀ ਪਹਿਲਾਂ ਹੀ ਡੂੰਘੇ ਆਰਥਿਕ ਸੰਕਟ ਦਾ ਸ਼ਿਕਾਰ ਹੈ ਅਤੇ ਉੱਪਰੋਂ ਜਬਰੀ ਥੋਪੇ ਜਾ ਰਹੇ ਇਹ ਕਾਨੂੰਨ ਪੂਰੀ ਖੇਤੀ ਮੰਡੀ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਦੀ ਮੁੱਠੀ ਵਿੱਚ ਕਰ ਦੇਣਗੇ। ਜ਼ਿਲ੍ਹਾ ਆਗੂ ਨਸੀਬ ਕੌਰ ਰੋੜੀਕਪੂਰਾ ਨੇ ਕਿਹਾ ਕਿ ਇਹ ਸੰਘਰਸ਼ ਅਣਮਿਥੇ ਸਮੇਂ ਲਈ ਚੱਲੇਗਾ।ਧਰਨੇ ਵਿਚ ਗੁਰਮੇਲ ਕੌਰ ਰੋੜੀਕਪੂਰਾ, ਅੰਗਰੇਜ਼ ਕੌਰ ਕੋਟਕਪੂਰਾ, ਪਰਮਜੀਤ ਕੌਰ ਰੋਮਾਣਾ, ਅਲਬੇਲ ਸਿੰਘ, ਗੁਰਜੀਤ ਕੌਰ ਚੈਨਾ, ਕਰਮਜੀਤ ਕੌਰ ਪੰਜਗਰਾਈਂ, ਹਰਦੀਪ ਕੌਰ ਚੰਦਭਾਨ, ਮੁਖਤਿਆਰ ਕੌਰ ਰੋਮਾਣਾ ਅਲਬੇਲ ਸਿੰਘ, ਅਮਰਜੀਤ ਕੌਰ ਚੈਨਾ, ਕਰਮਜੀਤ ਕੌਰ ਰੋੜੀਕਪੂਰਾ ਅਤੇ ਪਿੰਡ ਰੋਮਾਣਾ ਅਲਬੇਲ ਸਿੰਘ ਦੀਆਂ ਵੱਡੀ ਗਿਣਤੀ ਔਰਤਾਂ ਹਾਜ਼ਰ ਸਨ।