ਰਵਿੰਦਰ ਰਵੀ
ਬਰਨਾਲਾ, 27 ਨਵੰਬਰ
ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਜਾਰੀ ਹੈ। ਧਰਨੇ ਵਿੱਚ ਸ਼ਾਮਲ ਔਰਤਾਂ ਤੇ ਬੱਚਿਆਂ ਨੇ ਅੱਜ ਭਾਜਪਾ ਆਗੂਆਂ ਦਾ ਪਿੱਟ ਸਿਆਪਾ ਕੀਤਾ। ਕਿਸਾਨ ਯੂਨੀਅਨ (ਉਗਰਾਹਾਂ) ਦੇ ਬਲੌਰ ਸਿੰਘ ਛੰਨਾ ਨੇ ਕਿਹਾ ਕਿ ਜ਼ਿਲ੍ਹਾ ਭਾਜਪਾ ਆਗੂ ਯਾਦਵਿੰਦਰ ਸ਼ੰਟੀ ਅਤੇ ਭਾਜਪਾ ਦੀ ਸੂਬਾ ਮੈਂਬਰ ਅਰਚਨਾ ਦੱਤ ਦੇ ਘਰ ਅੱਗੇ ਜਾਂਦੇ ਰਾਹ ਨੂੰ ਦੋ ਘੰਟੇ ਲਈ ਪੂਰੀ ਤਰ੍ਹਾਂ ਜਾਮ ਰੱਖਿਆ ਗਿਆ ਅਤੇ ਘਰ ਸਾਹਮਣੇ ਪੱਕਾ ਮੋਰਚਾ ਲਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਖੇਤੀਬਾੜੀ ਕਾਨੂੰਨ ਰੱਦ ਨਹੀਂ ਕਰ ਦਿੰਦੀ, ਉਦੋਂ ਤੱਕ ਭਾਜਪਾ ਆਗੂਆਂ ਦੇ ਘਰਾਂ ਅੱਗੇ ਲਗਾਤਾਰ ਦਿਨ ਰਾਤ ਪਿੱਟ ਸਿਆਪਾ ਕੀਤਾ ਜਾਵੇਗਾ। ਕਿਸਾਨ ਆਗੂਆਂ ਜ਼ਿਲ੍ਹਾ ਸਕੱਤਰ ਜਰਨੈਲ ਸਿੰਘ ਬਦਰਾ, ਕ੍ਰਿਸ਼ਨ ਸਿੰਘ, ਸੰਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਨਾਮ ਸਿੰਘ, ਭੋਲਾ ਸਿੰਘ ਠੁੱਲੀਵਾਲ, ਗੁਰਚਰਨ ਸਿੰਘ, ਰਣਜੀਤ ਸਿੰਘ, ਪਲਵਿੰਦਰ ਸਿੰਘ, ਬਿੰਦਰਪਾਲ ਕੌਰ, ਸਰਬਜੀਤ ਕੌਰ, ਹਰਵੰਸ ਕੌਰ, ਜਸਵਿੰਦਰ ਕੌਰ ਅਤੇ ਤੇਜ਼ ਕੌਰ ਨੇ ਕਿਹਾ ਕਿ ਖੇਤੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹਨ, ਜਿਸ ਕਰਕੇ ਪੰਜਾਬ ਦੇ ਕਿਸਾਨ ਪਹਿਲੇ ਦਿਨ ਤੋਂ ਇਨ੍ਹਾਂ ਦਾ ਵਿਰੋਧ ਕਰ ਰਹੇ ਹਨ। ਕੇਂਦਰ ਸਰਕਾਰ ਵੱਲੋਂ ਭਾਵੇਂ ਇਹ ਬਿੱਲ ਸੰਸਦ ਵਿੱਚ ਪਾਸ ਕਰ ਦਿੱਤੇ ਗਏ ਹਨ ਪਰ ਇਨ੍ਹਾਂ ਨੂੰ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਿਆਸੀ ਪਾਰਟੀਆਂ ਤੋਂ ਕਿਸਾਨਾਂ ਨੂੰ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੀ ਕਿਸਾਨਾਂ ਨਾਲ ਹਮਦਰਦੀ ਦੀ ਡਰਾਮੇਬਾਜ਼ੀ ਕਰ ਰਿਹਾ ਹੈ। ਕਿਸਾਨ ਬੀਬੀਆਂ ਨੇ ਧਰਨੇ ਹਰ ਹੀਲੇ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਲੋਕ ਇਹ ਕਾਨੂੰਨ ਰੱਦ ਕਰਵਾ ਕੇ ਹੀ ਦਮ ਲੈਣਗੇ।