ਡਾ. ਹਿਮਾਂਸ਼ੂ ਸੂਦ
ਮੰਡੀ ਗੋਬਿੰਦਗੜ੍ਹ, 5 ਜੁਲਾਈ
ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਅਧੀਨ ਆਏ ਇਕਬਾਲ ਨਗਰ, ਸੰਤ ਨਗਰ, ਸ਼ਾਂਤੀ ਨਗਰ ਅਤੇ ਦਲੀਪ ਨਗਰ ਵਿਚ 4 ਮਹੀਨੇ ਪਹਿਲਾਂ ਸੀਵਰੇਜ ਪਾਉਣ ਲਈ ਪੁੱਟੀਆਂ ਸੜਕਾਂ ਦਾ ਕੰਮ ਮੁਕੰਮਲ ਨਾ ਹੋਣ ਕਾਰਨ ਗੰਦਾ ਪਾਣੀ ਪੀਣ ਵਾਲੇ ਪਾਣੀ ਵਿਚ ਦਾਖ਼ਲ ਹੋ ਰਿਹਾ ਹੈ ਅਤੇ ਕਈ ਥਾਂ ਸੀਵਰੇਜ ਦੇ ਹੌਲ ਜ਼ਮੀਨ ਵਿੱਚ ਦੱਬ ਗਏ ਹਨ। ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਵਲੋਂ ਅੱਜ ਕੌਂਸਲ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਭਾਂਬਰੀ, ਬਸਪਾ ਆਗੂ ਕੁਲਵੰਤ ਸਿੰਘ ਮਹਿਤੋ, ਸਾਬਕਾ ਕੌਂਸਲਰ ਰਜਿੰਦਰ ਕੁਮਾਰ ਟੀਟੂ ਸਣੇ ਇਨ੍ਹਾਂ ਖੇਤਰਾਂ ਦੇ ਦੌਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਬੇਮਾਜਰਾ, ਅਜਨਾਲੀ ਅਤੇ ਇਨ੍ਹਾਂ ਇਲਾਕਿਆਂ ਨੂੰ ਅਕਾਲੀ ਸਰਕਾਰ ਸਮੇਂ ਕੌਂਸਲ ਵਿਚ ਮਰਜ਼ ਕਰਵਾ ਕੇ ਕਰੋੜਾਂ ਰੁਪਏ ਦੇ ਟੈਡਰ ਲਗਵਾਏ ਗਏ ਸਨ ਪਰ ਕਾਂਗਰਸ ਸਰਕਾਰ ਨੇ ਇਨ੍ਹਾਂ ਟੈਡਰਾਂ ਨੂੰ ਹੀ ਰੱਦ ਕਰ ਦਿੱਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਜਲਦ ਕਾਰਜ ਸ਼ੁਰੂ ਨਾ ਹੋਏ ਤਾਂ ਸ਼ਹਿਰ ਵਾਸੀਆਂ ਨੂੰ ਲੈ ਕੇ ਵਿਧਾਇਕ ਦਾ ਘਿਰਾਓ ਕੀਤਾ ਜਾਵੇਗਾ ਅਤੇ ਧਰਨਾ ਲਾ ਕੇ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਜਾਵੇਗਾ।
ਸਮੱਸਿਆਵਾਂ ਦਾ ਜਲਦੀ ਹੱਲ ਹੋਵੇਗਾ: ਕੌਂਸਲ ਪ੍ਰਧਾਨ
ਨਗਰ ਕੌਂਸਲ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਇਹ ਕੰਮ ਸੀਵਰੇਜ ਬੋਰਡ ਨਾਲ ਸਬੰਧਤ ਹੈ ਫ਼ਿਰ ਵੀ ਜਲਦ ਇਨ੍ਹਾਂ ਇਲਾਕਿਆਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ।