ਪੱਤਰ ਪ੍ਰੇਰਕ
ਸ੍ਰੀ ਕੀਰਤਪੁਰ ਸਾਹਿਬ, 6 ਜੂਨ
ਸਥਾਨਕ ਰੇਲਵੇ ਸਟੇਸ਼ਨ ਦੇ ਅੱਗੇ ਬਣੇ ਪਲੇਟੀ ਉੱਪਰ ਹਿਮਾਚਲ ਪ੍ਰਦੇਸ਼ ਵਿੱਚ ਲੱਗੀ ਇਕ ਸੀਮਿੰਟ ਫੈਕਟਰੀ ਦੀ ਰਾਖ ਉਤਰਨ ਕਾਰਨ ਇਸ ਦੇ ਪ੍ਰਦੂਸ਼ਣ ਤੋਂ ਸਥਾਨਕ ਸ਼ਹਿਰ ਵਾਸੀ ਖ਼ਾਸ ਕਰਕੇ ਰੇਲਵੇ ਸਟੇਸ਼ਨ ਅਤੇ ਪੁਰਾਣੇ ਬੱਸ ਅੱਡੇ ਦੇ ਨਜ਼ਦੀਕ ਰਹਿੰਦੇ ਲੋਕ ਅਤੇ ਦੁਕਾਨਦਾਰ ਕਾਫੀ ਪ੍ਰੇਸ਼ਾਨ ਹਨ। ਬੀਤੀ ਰਾਤ ਉਕਤ ਪਲੇਟੀ ਉੱਪਰ ਮਾਲ ਗੱਡੀ ਦਾ ਰੈਕ ਰਾਖ ਲੈ ਕੇ ਆਇਆ ਸੀ। ਜਿਸ ਨੂੰ ਮਾਲ ਗੱਡੀ ਦੇ ਡੱਬਿਆਂ ਵਿੱਚੋਂ ਮਸ਼ੀਨਾਂ ਦੁਆਰਾ ਉਤਾਰਨ ਸਮੇਂ ਅਤੇ ਬਾਅਦ ਵਿੱਚ ਵੱਖ-ਵੱਖ ਟਰੱਕਾਂ ਵਿੱਚ ਲੋਡ ਕਰਨ ਸਮੇਂ ਇਹ ਸੁਆਹ ਅਸਮਾਨ ਵਿੱਚ ਉੱਡ ਕੇ ਆਲੇ ਦੁਆਲੇ ਫੈਲ ਗਈ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ। ਸਥਾਨਕ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਵੱਲੋਂ ਇਸ ਦੀ ਜਾਣਕਾਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਅਤੇ ਪੱਤਰਕਾਰਾਂ ਨੂੰ ਦਿੱਤੀ ਗਈ। 13 ਸਤੰਬਰ 2021 ਨੂੰ ਪਹਿਲੀ ਵਾਰ ਰਾਖ ਦਾ ਰੈਕ ਸ੍ਰੀ ਕੀਰਤਪੁਰ ਸਾਹਿਬ ਵਿਖੇ ਆਇਆ ਸੀ ਤਾਂ ਉਸ ਸਮੇਂ ਉਕਤ ਨਿੱਜੀ ਸੀਮਿੰਟ ਕੰਪਨੀ ਦੇ ਡੰਪ ਇੰਚਾਰਜ ਵੱਲੋਂ ਕਿਹਾ ਗਿਆ ਸੀ ਕਿ ਅਸੀਂ ਇਹ ਸਿਰਫ ਟਰਾਇਲ ਵਾਸਤੇ ਰੈਕ ਮੰਗਵਾਇਆ ਸੀ ,ਅਸੀਂ ਹੁਣ ਦੁਬਾਰਾ ਸ੍ਰੀ ਕੀਰਤਪੁਰ ਸਾਹਿਬ ਵਿੱਚ ਕੋਈ ਵੀ ਰੈਕ ਨਹੀਂ ਲੈ ਕੇ ਆਵਾਂਗੇ। ਮੌਕੇ ’ਤੇ ਪਹੁੰਚੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਸਡੀਓ ਆਪਣੀ ਗੱਡੀ ਵਿੱਚ ਬੈਠ ਕੇ ਹੀ ਦੂਰੋਂ ਮੌਕਾ ਦੇਖ ਕੇ ਵਾਪਸ ਮੁੜ ਗਏ। ਸਥਾਨਕ ਲੋਕਾਂ ਨੇ ਮੁੱਖ ਮੰਤਰੀ, ਡਿਪਟੀ ਕਮਿਸ਼ਨਰ ਰੂਪਨਗਰ ਤੋਂ ਮੰਗ ਕੀਤੀ ਹੈ ਕਿ ਸ੍ਰੀ ਕੀਰਤਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਉਪਰ ਉਤਰਦੀ ਰਾਖ ਨੂੰ ਬੰਦ ਕਰਵਾਇਆ ਜਾਵੇ। ਮੌਕੇ ’ਤੇ ਪਹੁੰਚੇ ਪ੍ਰਦੂਸ਼ਣ ਬੋਰਡ ਦੇ ਐਸਡੀਓ ਜੀ ਐੱਸ ਚੀਮਾ ਨੇ ਗੱਡੀ ਵਿੱਚ ਬੈਠ ਕੇ ਹੀ ਮੌਕਾ ਦੇਖਿਆ ਅਤੇ ਲੋਕਾਂ ਨਾਲ ਇਕ ਦੋ ਮਿੰਟ ਗੱਲ ਕਰ ਕੇ ਵਾਪਸ ਚਲੇ ਗਏ। ਏਸੀਸੀ ਡੰਪ ਦੇ ਇੰਚਾਰਜ ਵੀ. ਕੇ. ਬਿਆਸ ਨੇ ਕਿਹਾ ਕਿ ਜੇਕਰ ਇਸ ਨਾਲ ਲੋਕਾਂ ਨੂੰ ਸਮੱਸਿਆ ਆ ਰਹੀ ਹੈ ਤਾਂ ਉਹ ਅੱਗੇ ਤੋਂ ਰਾਖ ਦੇ ਰੈਕ ਨਹੀਂ ਮੰਗਵਾਉਣਗੇ।