ਦਲਬੀਰ ਸੱਖੋਵਾਲੀਆ
ਬਟਾਲਾ, 28 ਦਸੰਬਰ
ਕਾਂਗਰਸ ਪਾਰਟੀ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਸਿੰਘ ਲਾਡੀ ਅਤੇ ਹਲਕਾ ਕਾਦੀਆਂ ਤੋਂ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੇ ਪਾਰਟੀ ਛੱਡ ਕੇ ਭਾਜਪਾ ਵਿੱਚ ਜਾਣ ’ਤੇ ਲੋਕ ਹੈਰਾਨ ਹਨ। ਇਨ੍ਹਾਂ ਹਲਕਿਆਂ ਦੇ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਰੋਹ ਦੇਖਣ ਨੂੰ ਮਿਲ ਰਿਹਾ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਵਿਧਾਇਕ ਲਾਡੀ ਦੇ ਪਾਰਟੀ ਛੱਡਣ ਬਾਰੇ ਟਕਸਾਲੀ ਵਰਕਰਾਂ ਨੇ ਕਿਹਾ ਕਿ ਕਾਂਗਰਸ ਨੇ ਉਸ ਨੂੰ ਆਮ ਵਰਕਰ ਤੋਂ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਦਾ ਚੇਅਰਮੈਨ ਬਣਾਇਆ। ਸਾਲ 2012 ਵਿੱਚ ਰਾਖਵਾਂ ਹਲਕਾ ਬਣੇ ਸ੍ਰੀ ਹਰਗੋਬਿੰਦਪੁਰ ਤੋਂ ਟਿਕਟ ਦਿੱਤੀ ਪਰ ਸਫ਼ਲ ਨਾ ਹੋਏ। ਫਿਰ 2017 ਵਿੱਚ ਲਾਡੀ ਪਾਰਟੀ ਦੀ ਟਿਕਟ ’ਤੇ ਰਿਕਾਰਡ ਵੋਟਾਂ ਨਾਲ ਜਿੱਤਿਆ ਸੀ। ਸਰਕਾਰ ਵੱਲੋਂ ਉਨ੍ਹਾਂ ਦੇ ਹਲਕੇ ਨੂੰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ, ਇਸ ਦੇ ਬਾਵਜੂਦ ਉਸ ਨੇ ਪਾਰਟੀ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਲਾਡੀ ਨੂੰ ਸਿਆਸਤ ਵਿੱਚ ਲਿਆਉਣ ਵਾਲੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਦੱਸਿਆ ਕਿ ਉਸ ਨੂੰ ਪਾਰਟੀ ਨੇ ਸਾਧਾਰਨ ਵਰਕਰ ਤੋਂ ਦੋ ਵਾਰ ਐਮਐਲਏ ਦੀਆਂ ਟਿਕਟਾਂ ਨਾਲ ਨਿਵਾਜਿਆ ਪਰ ਹੁਣ ਚੋਣਾਂ ਮੌਕੇ ਪਾਰਟੀ ਨੂੰ ਛੱਡਣਾ ਹਲਕਾ ਵਾਸੀਆਂ ਨਾਲ ਬੇਇਨਸਾਫ਼ੀ ਹੈ। ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਕਾਂਗਰਸ ਪਾਰਟੀ ਤੋਂ ਟਿਕਟ ਦੇ ਦਾਅਵੇਦਾਰ ਮਨਦੀਪ ਸਿੰਘ ਰੰਗੜ ਨੰਗਲ ਨੇ ਕਿਹਾ ਕਿ ਲਾਡੀ ਨੇ ਪਾਰਟੀ ਨਾਲ ਬੇਵਫ਼ਾਈ ਕੀਤੀ ਹੈ। ਇਸੇ ਤਰ੍ਹਾਂ ਹਰਵਿੰਦਰਪਾਲ ਸਿੰਘ ਸ਼ਾਹਬਾਦ ਨੇ ਆਖਿਆ ਕਿ ਲਾਡੀ ਨੇ ਹਲਕੇ ਦੇ ਲੋਕਾਂ ਨਾਲ ਧ੍ਰੋਹ ਕੀਤਾ ਹੈ ਤੇ ਲੋਕ ਉਸ ਨੂੰ ਕਦੇ ਮੁਆਫ਼ ਨਹੀਂ ਕਰਨਗੇ।
ਹਲਕਾ ਕਾਂਦੀਆ ਤੋਂ ਵਿਧਾਇਕ ਫਤਹਿਜੰਗ ਬਾਜਵਾ ਦੇ ਭਾਜਪਾ ’ਚ ਜਾਣ ’ਤੇ ਲੋਕ ਹੈਰਾਨ ਹਨ। ਲੋਕਾਂ ਦਾ ਮੰਨਣਾ ਹੈ ਕਿ ਉਸ ਦੇ ਵੱਡੇ ਭਰਾ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਜਿਵੇਂ ਲੰਘੇ ਦਿਨੀਂ ਕਾਦੀਆਂ ਤੋਂ ਟਿਕਟ ਦੀ ਦਾਅਵੇਦਾਰੀ ਠੋਕੀ ਗਈ ਸੀ, ਉਦੋਂ ਤੋਂ ਹੀ ਫਤਹਿਜੰਗ ਬਾਜਵਾ ਦੇ ਅਕਾਲੀ ਦਲ ਜਾਂ ਭਾਜਪਾ ’ਚ ਜਾਣ ਦੀਆਂ ਚਰਚਾਵਾਂ ਜ਼ੋਰਾਂ ’ਤੇ ਸਨ। ਜਾਣਕਾਰ ਦੱਸਦੇ ਹਨ ਕਿ ਬਾਜਵਾ ਹਲਕਾ ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ। ਇਨ੍ਹਾਂ ਵਿਧਾਇਕਾਂ ਦੇ ਭਾਜਪਾ ’ਚ ਜਾਣ ਨਾਲ ਸਰਹੱਦੀ ਜ਼ਿਲ੍ਹੇ ਅੰਦਰ ਕਾਂਗਰਸ ਨੂੰ ਭਾਰੀ ਝਟਕਾ ਲੱਗਾ ਹੈ। ਇਸੇ ਮਹੀਨੇ ਦੇ ਸ਼ੁਰੂ ਵਿੱਚ ਗੁਰਦਾਸਪੁਰ ਤੋਂ ਟਕਸਾਲੀ ਕਾਂਗਰਸ ਰਮਨ ਬਹਿਲ ਦੇ ਪਾਰਟੀ ਨੂੰ ਛੱਡ ‘ਆਪ’ ਵਿਚ ਸ਼ਾਮਲ ਹੋਣ ’ਤੇ ਵੀ ਪਾਰਟੀ ਨੂੰ ਭਾਰੀ ਝਟਕਾ ਲੱਗਾ ਸੀ।