ਪੱਤਰ ਪ੍ਰੇਰਕ
ਮਾਨਸਾ, 13 ਜੂਨ
ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸ਼ਹਿਰ ਦੇ ਡੇਢ ਦਰਜਨ ਤੋਂ ਵੱਧ ਵਪਾਰੀਆਂ ਤੋਂ ਲਾਰੈਂਸ ਬਿਸ਼ਨੋਈ ਗੈਂਗਸਟਰ ਦੇ ਨਾਮ ’ਤੇ ਫੋਨ ਰਾਹੀਂ ਮੰਗੀਆਂ ਗਈਆਂ ਫਿਰੌਤੀਆਂ ਕਾਰਨ ਮਾਨਸਾ ਦੇ ਲੋਕ ਸਹਿਮੇ ਹੋਏ ਹਨ। ਉਨ੍ਹਾਂ ਅੱਜ ਇੱਥੇ ਲਕਸ਼ਮੀ ਨਾਰਾਇਣ ਮੰਦਰ ਵਿੱਚ ਦੇਰ ਸ਼ਾਮ ਇਕੱਠ ਕਰਕੇ ਪੰਜਾਬ ਸਰਕਾਰ ਤੋਂ ਆਪਣੀ ਹਿਫ਼ਾਜ਼ਤ ਦੀ ਮੰਗ ਕੀਤੀ ਹੈ। ਇਸੇ ਦੌਰਾਨ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੇ ਲੋਕਾਂ ਦੀ ਹਰ ਤਰ੍ਹਾਂ ਦੀ ਰਾਖੀ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਝਾਰਖੰਡ ਦੇ ਇੱਕ ਅਤੇ ਕਰਨਾਟਕ ਦੇ ਦੋ ਵਿਅਕਤੀਆਂ ਦੀ ਫਿਰੌਤੀਆਂ ਮੰਗਣ ਵਾਲਿਆਂ ਵਜੋਂ ਪਛਾਣ ਹੋਈ ਹੈ। ਉਨ੍ਹਾਂ ਲੋਕਾਂ ਨੂੰ ਇਸ ਮਾਮਲੇ ਵਿੱਚ ਪੁਲੀਸ ਨੂੰ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਨੂੰ ਅਜਿਹਾ ਮੈਸੇਜ ਫੋਨ ਜ਼ਰੀਏ ਜਾਂ ਮੇਲ ਜਾਂ ਚਿੱਠੀ-ਪੱਤਰ ਰਾਹੀਂ ਮਿਲਦਾ ਹੈ ਤਾਂ ਉਸ ਦੀ ਜਾਣਕਾਰੀ ਜਿੰਨਾ ਛੇਤੀ ਹੋ ਸਕੇ ਨੇੜਲੇ ਥਾਣੇ ਨੂੰ ਦਿੱਤੀ ਜਾਵੇ।
ਇਸ ਤੋਂ ਪਹਿਲਾਂ ਵਪਾਰ ਮੰਡਲ ਦੀ ਅਗਵਾਈ ਹੇਠ ਹੋਏ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜੀਵਨ ਮੀਰਪੁਰੀਆ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਹਿਮੇ ਹੋਏ ਲੋਕਾਂ ਦਾ ਲਾਹਾ ਲੈ ਕੇ ਕੁਝ ਵਿਅਕਤੀ ਸੱਚੇ ਜਾਂ ਝੂਠੇ ਰੂਪ ਵਿੱਚ ਵ੍ਹਟਸਐਪ ਕਾਲ ਜ਼ਰੀਏ ਸ਼ਹਿਰੀਆਂ ਨੂੰ ਡਰਾਉਣ ਲੱਗੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਤਿੰਨ ਵਪਾਰੀਆਂ ਤੋਂ ਕ੍ਰਮਵਾਰ ਦੋ ਲੱਖ, ਪੰਜ ਲੱਖ ਅਤੇ 70 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਾਨ-ਮਾਲ ਦਾ ਮਸਲਾ ਹੋਣ ਕਰਕੇ ਕੁਝ ਵਪਾਰੀ ਆਪਣਾ ਨਾਮ ਦੱਸਣ ਤੋਂ ਵੀ ਝਿਜਕ ਰਹੇ ਹਨ, ਪਰ ਹੁਣ ਤੱਕ ਰੈਡੀਮੇਡ ਕੱਪੜਿਆਂ ਦੇ ਵਪਾਰੀ ਅਤੇ ਇੱਕ ਜੁੱਤਿਆਂ ਦਾ ਕਾਰੋਬਾਰੀ ਆਪਣੇ ਨਾਲ ਬੀਤੀ ਸਾਰੀ ਘਟਨਾ ਦਾ ਖੁਲਾਸਾ ਕਰ ਚੁੱਕੇ ਹਨ।