ਸੰਜੀਵ ਬੱਬੀ
ਚਮਕੌਰ ਸਾਹਿਬ, 10 ਜੁਲਾਈ
ਚਮਕੌਰ ਸਾਹਿਬ ਵਿੱਚ ਸਰਹਿੰਦ ਨਹਿਰ ਦੇ ਪੁਲ ਹੇਠੋਂ ਬੇਲਾ ਡਰੇਨ ਵਿੱਚ ਪਾਣੀ ਸੁੱਟਣ ਲਈ ਫਲੱਡ ਗੇਟ ਖੋਲ੍ਹਣ ਦੇ ਵਿਰੋਧ ਵਿੱਚ ਅੱਜ ਬੇਟ ਇਲਾਕੇ ਦੇ ਵਸਨੀਕਾਂ ਨੇ ਪ੍ਰਸ਼ਾਸਨ ਤੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਦੇਰ ਸ਼ਾਮ ਪਿੰਡ ਕਮਾਲਪੁਰ ਕੋਲੋਂ ਨਦੀ ਦੇ ਬੰਨ੍ਹ ਟੁੱਟਣ ਕਾਰਨ ਇਸ ਦਾ ਪਾਣੀ ਵੀ ਨਹਿਰ ’ਚ ਹੀ ਆ ਰਿਹਾ ਹੈ, ਜਿਸ ਮਗਰੋਂ ਪ੍ਰਸ਼ਾਸਨ ਨੇ ਨਹਿਰ ਦਾ ਵਾਧੂ ਪਾਣੀ ਬੇਲਾ ਡਰੇਨ ਵਿੱਚ ਸੁੱਟਣ ਦਾ ਫ਼ੈਸਲਾ ਕੀਤਾ ਸੀ। ਇਸ ਸਬੰਧੀ ਪ੍ਰਸ਼ਾਸਨ ਨੇ ਅੱਜ ਜਦੋਂ ਬੇਟ ਇਲਾਕੇ ਦੇ ਪਿੰਡਾਂ ਵਿੱਚ ਮੁਨਿਆਦੀ ਕਰਵਾਈ ਤਾਂ ਪਿੰਡਾਂ ਦੇ ਵਸਨੀਕਾਂ ਨੇ ਇਸ ਦਾ ਵਿਰੋਧ ਕੀਤਾ। ਉਨ੍ਹਾਂ ਤਰਕ ਦਿੱਤਾ ਕਿ ਫਲੱਡ ਗੇਟ ਖੋਲ੍ਹਣ ਨਾਲ ਉਨ੍ਹਾਂ ਦੇ ਘਰਾਂ ’ਚ ਪਾਣੀ ਵੜ ਜਾਵੇਗਾ ਤੇ ਭਾਰੀ ਨੁਕਸਾਨ ਕਰੇਗਾ। ਇਸ ਸਬੰਧ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਪਿੰਡਾਂ ਦੇ ਵਸਨੀਕ ਚਮਕੌਰ ਸਾਹਿਬ ਸਥਿਤ ਨਹਿਰ ਦੇ ਪੁਲ ’ਤੇ ਇਕੱਠੇ ਹੋ ਗਏ ਤੇ ਫਲੱਡ ਗੇਟ ਖੋਲ੍ਹਣ ਦਾ ਵਿਰੋਧ ਕੀਤਾ। ਇਸ ਮੌਕੇ ਸਥਿਤੀ ਤਣਾਅਪੂਰਨ ਹੋ ਗਈ, ਪਰ ਲੋਕਾਂ ਨੇ ਪ੍ਰਸ਼ਾਸਨ ਨੂੰ ਫਲੱਡ ਗੇਟ ਖੋਲ੍ਹਣ ਨਹੀਂ ਦਿੱਤੇ।
ਇਸ ਮੌਕੇ ਐੱਸਡੀਐੱਮ ਅਮਰੀਕ ਸਿੰਘ ਸਿੱਧੂ ਤੇ ਡੀਐੱਸਪੀ ਜਰਨੈਲ ਸਿੰਘ ਨੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਅਧਿਕਾਰੀਆਂ ਵੱਲੋਂ ਫਲੱਡ ਗੇਟ ਨਾ ਖੋਲ੍ਹਣ ਦਾ ਭਰੋਸਾ ਦਿੱਤਾ ਗਿਆ, ਜਿਸ ਮਗਰੋਂ ਪ੍ਰਦਰਸ਼ਨਕਾਰੀ ਸ਼ਾਂਤ ਹੋਏ।
ਕਸਬਾ ਬੇਲਾ ਦੇ ਸਰਪੰਚ ਲਖਵਿੰਦਰ ਸਿੰਘ ਭੂਰਾ, ਯੂਥ ਆਗੂ ਲਖਵੀਰ ਸਿੰਘ ਲੱਖੀ ਤੇ ਕਿਸਾਨ ਆਗੂ ਗੁਰਨਾਮ ਸਿੰਘ ਜੱਸੜਾ ਨੇ ਦੱਸਿਆ ਕਿ ਜੇ ਇਹ ਗੇਟ ਖੁੱਲ੍ਹ ਗਏ ਤਾਂ ਬੇਟ ਇਲਾਕੇ ਦੇ ਸਾਰੇ ਪਿੰਡ ਡੁੱਬ ਜਾਣਗੇ ਤੇ ਵੱਡੇ ਪੱਧਰ ’ਤੇ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਤਾਂ ਪਹਿਲਾਂ ਹੀ ਤਿੰਨ-ਪੰਜ ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਨੇ ਕਿਹਾ ਕਿ ਇਲਾਕੇ ਦੇ ਪਿੰਡਾਂ ਵਿੱਚ ਪਾਣੀ ਦੇ ਵਾਧੂ ਤੇ ਬਰਸਾਤੀ ਪਾਣੀ ਲਈ ਜਿਹੜੀਆਂ ਡਰੇਨਾਂ ਬਣੀਆਂ ਹੋਈਆਂ ਹਨ, ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਸਫ਼ਾਈ ਨਾ ਕਰਵਾਏ ਜਾਣ ਕਰਕੇ ਇਹ ਸਮੱਸਿਆ ਹੋਰ ਗੰਭੀਰ ਹੋ ਗਈ ਹੈ।