ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 13 ਜੂਨ
ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ‘ਆਪ’ ਸਰਕਾਰ ਹੁਣ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਸਿਰਫ਼ ਤਿੰਨ ਮਹੀਨਿਆਂ ਦੌਰਾਨ ਹੀ ਸੂਬੇ ਦੇ ਵਿਗੜੇ ਹਾਲਾਤ ਅਤੇ ਨਿੱਤ ਵਾਪਰ ਰਹੀਆਂ ਅਪਰਾਧਕ ਘਟਨਾਵਾਂ ਕਾਰਨ ਲੋਕਾਂ ਦਾ ਮੋਹ ਸਰਕਾਰ ਤੋਂ ਭੰਗ ਹੋ ਚੁੱਕਿਆ ਹੈ। ਸ੍ਰੀ ਰੰਧਾਵਾ ਨੇ ਇੱਥੇ ਪੰਜਾਬ ਮਹਿਲਾ ਕਾਂਗਰਸ ਦੀ ਕੋਆਰਡੀਨੇਟਰ ਪ੍ਰਿਤਪਾਲ ਕੌਰ ਬਡਲਾ ਦੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਦੀਆਂ ਨਾਕਾਮੀਆਂ ਤੋਂ ਦੁਖੀ ਪੰਜਾਬ ਦੇ ਲੋਕ ਮੁੜ ਕਾਂਗਰਸ ਸਰਕਾਰ ਨੂੰ ਯਾਦ ਕਰਨ ਲੱਗ ਪਏ ਹਨ, ਜਿਸ ਦਾ ਸਬੂਤ ਸੰਗਰੂਰ ਜ਼ਿਮਨੀ ਚੋਣ ਦੇ ਨਤੀਜੇ ਤੋਂ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਅੱਠ ਸਾਲਾਂ ਦੌਰਾਨ ਸੰਸਦ ਮੈਂਬਰ ਹੁੰਦਿਆਂ ਭਗਵੰਤ ਮਾਨ ਇੱਕ ਵੀ ਪ੍ਰਾਜੈਕਟ ਹਲਕੇ ਵਿੱਚ ਨਹੀਂ ਲਿਆ ਸਕੇ।