ਗਗਨਦੀਪ ਅਰੋੜਾ
ਲੁਧਿਆਣਾ, 12 ਫਰਵਰੀ
ਸਲੇਮ ਟਾਬਰੀ ਇਲਾਕੇ ’ਚ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਉਸ ਵੇਲੇ ਸਥਿਤੀ ਤਣਾਅਪੂਰਨ ਹੋ ਗਈ, ਜਦੋਂ ਕੁਝ ਲੋਕਾਂ ਨੇ ਬੱਚੀ ਦੀ ਮੌਤ ਦੀ ਅਫ਼ਵਾਹ ਫੈਲਾ ਦਿੱਤੀ ਤੇ ਸਕੂਲ ਦੇ ਬਾਹਰ ਇਕੱਠੇ ਹੋ ਗਏ। ਥਾਣਾ ਸਲੇਮ ਟਾਬਰੀ ਅਤੇ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਇਸ ਦੌਰਾਨ ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਭੇਜਣ ਲਈ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਤਾਂ ਪ੍ਰਦਰਸ਼ਨਕਾਰੀਆਂ ਨੇ ਅੱਗੋਂ ਪਥਰਾਅ ਕਰ ਦਿੱਤਾ। ਇਸ ਦੌਰਾਨ ਇੱਕ ਮੁਲਾਜ਼ਮ ਜ਼ਖਮੀ ਹੋਇਆ, ਜਦੋਂ ਕਿ 2 ਪ੍ਰਦਰਸ਼ਨਕਾਰੀ ਔਰਤਾਂ ਜ਼ਖਮੀ ਹੋਈਆਂ। ਜ਼ਖਮੀ ਮੁਲਾਜ਼ਮ ਏਐਸਆਈ ਸ਼ਿਵੰਦਰ ਸਿੰਘ ਹੈ, ਜਦੋਂ ਕਿ ਔਰਤਾਂ ਪੁਸ਼ਪਾ ਦੇਵੀ ਤੇ ਕੰਚਨ ਇਲਾਜ ਕਰਵਾ ਕੇ ਘਰ ਚਲੀਆਂ ਗਈਆਂ।
ਥਾਣਾ ਸਲੇਮ ਟਾਬਰੀ ਦੇ ਐਸਐਚਓ ਇੰਸਪੈਕਟਰ ਕ੍ਰਿਸ਼ਨ ਗੋਪਾਲ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰੇ ਭਾਰਤੀ ਕਲੋਨੀ ਇਲਾਕੇ ਦੇ ਲੋਕ ਸਕੂਲ ਦੇ ਬਾਹਰ ਇਕੱਠੇ ਹੋ ਗਏ ਤੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਕਿਸੇ ਨੇ ਅਫ਼ਵਾਹ ਫੈਲਾ ਦਿੱਤੀ ਕਿ ਬੱਚੀ ਦੀ ਮੌਤ ਹੋ ਚੁੱਕੀ ਹੈ। ਜਦੋਂ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਪੀੜਤ ਬੱਚੀ ਬਿਲਕੁਲ ਠੀਕ ਹੈ ਤਾਂ ਕੋਈ ਵੀ ਮੰਨਣ ਨੂੰ ਤਿਆਰ ਨਹੀਂ ਸੀ। ਜਦੋਂ ਪੁਲੀਸ ਨੇ ਉਨ੍ਹਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪ੍ਰਦਰਸ਼ਨਕਾਰੀਆਂ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਕਿ ਝੂਠੀ ਅਫ਼ਵਾਹ ਕਿਸ ਨੇ ਫੈਲਾਈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਜਬਰ ਜਨਾਹ ਦੇ ਮਾਮਲੇ ਵਿਚ ਬੱਚੀ ਦੇ 13 ਸਾਲਾ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਧਰ, ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਜਦੋਂ ਪੁਲੀਸ ਨਾਲ ਗੱਲ ਕਰਨ ਲੱਗੇ ਤਾਂ ਪੁਲੀਸ ਕਰਮੀਆਂ ਨੇ ਲਾਠੀਚਾਰਜ ਕਰ ਦਿੱਤਾ। ਪ੍ਰਦਰਸ਼ਨ ਲਈ ਆਏ ਬੱਚਿਆਂ ’ਤੇ ਵੀ ਲਾਠੀਚਾਰਜ ਕੀਤਾ ਗਿਆ।