ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 2 ਨਵੰਬਰ
ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਬਤੌਰ ਮੈਡੀਕਲ ਅਫਸਰ ਸੇਵਾਵਾਂ ਨਿਭਾ ਰਹੇ ਪਿੰਡ ਲੋਧੀਪੁਰ ਦੇ ਡਾ. ਰਣਬੀਰ ਸਿੰਘ ਦਾ ਤਬਾਦਲਾ ਰੁਕਵਾਉਣ ਲਈ ਸਥਾਨਕ ਲੋਕਾਂ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਸੋਸ਼ਲ ਮੀਡੀਆ ’ਤੇ ਪੋਸਟਾਂ ਪਾ ਕੇ ਸਰਕਾਰ ਨੂੰ ਤੁਰੰਤ ਪ੍ਰਭਾਵ ਨਾਲ ਇਸ ਬਦਲੀ ਨੂੰ ਰੋਕਣ ਲਈ ਅਪੀਲ ਕੀਤੀ ਜਾ ਰਹੀ ਹੈ।
ਲੋਕਾਂ ਵੱਲੋਂ ਲਿਖੀਆਂ ਪੋਸਟਾਂ ਵਿੱਚ ਇਹ ਲਿਖਿਆ ਜਾ ਰਿਹਾ ਹੈ ਕਿ ਡਾ. ਰਣਬੀਰ ਸਿੰਘ ਗਰੀਬ ਤੇ ਪਛੜੇ ਇਲਾਕੇ ਦੇ ਲੋਕਾਂ ਲਈ ਮਸੀਹਾ ਹਨ। ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਤਬਾਦਲੇ ਨੂੰ ਰੱਦ ਕਰਕੇ ਵਾਪਸ ਡਾਕਟਰ ਰਣਬੀਰ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਾਇਨਾਤ ਕੀਤਾ ਜਾਵੇ। ਦੱਸਣਯੋਗ ਹੈ ਕਿ ਹੁਣ ਇਸ ਮਾਮਲੇ ਚ ਕੈਬਨਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਸਿਫਾਰਿਸ਼ ਕੀਤੀ ਹੈ ਕਿ ਰਣਬੀਰ ਸਿੰਘ, ਮੈਡੀਕਲ ਅਫਸਰ (ਮੈਡੀਸਨ) ਦੀ ਬਦਲੀ ਵੀਵੀਆਈਪੀ ਟੀਮ ਮੁੱਖ ਮੰਤਰੀ ਪੰਜਾਬ ਦੀ ਮੈਡੀਕਲ ਟੀਮ ਵਿੱਚ ਕੀਤੀ ਗਈ ਹੈ ਪਰੰਤੂ ਡਾਕਟਰ ਰਣਵੀਰ ਸਿੰਘ ਵੱਲੋਂ ਇਲਾਕੇ ਵਿੱਚ ਦਿੱਤੀਆਂ ਜਾ ਰਹੀਆਂ ਵਧੀਆ ਸੇਵਾਵਾਂ ਅਤੇ ਸਥਾਨਕ ਲੋਕਾਂ ਦੀ ਮੰਗ ਤੇ ਉਨ੍ਹਾਂ ਦੀ ਬਦਲੀ ਦੇ ਕੀਤੇ ਗਏ ਹੁਕਮ ਰੱਦ ਕੀਤੇ ਜਾਣ। ਬੈਂਸ ਨੇ ਇਸ ਸਬੰਧ ਵਿੱਚ ਸਿਹਤ ਮੰਤਰੀ ਡਾ. ਬਲਵੀਰ ਸਿੰਘ ਨੂੰ ਵੀ ਸਿਫਾਰਿਸ਼ ਕੀਤੀ ਹੈ ਕਿ ਇਹ ਤਬਾਦਲਾ ਤੁਰੰਤ ਰੱਦ ਕੀਤਾ ਜਾਵੇ।