ਪੱਤਰ ਪ੍ਰੇਰਕ
ਦਿੜ੍ਹਬਾ ਮੰਡੀ/ਮੂਨਕ, 13 ਜੁਲਾਈ
ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਇਲਾਕੇ ਦਾ ਦੌਰਾ ਕਰਦਿਆਂ ਵੋਟਾਂ ਪਾਉਣ ਲਈ ਹਲਕਾ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵਾਂਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਬਣੀ ‘ਆਪ’ ਸਰਕਾਰ ਦਾ ਰਿਮੋਟ ਕੰਟਰੋਲ ਵੀ ਦਿੱਲੀ ਦੇ ਹੱਥਾਂ ਵਿੱਚ ਹੈ, ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਹੁਣ ਇਨ੍ਹਾਂ ਪਾਰਟੀਆਂ ’ਤੇ ਭਰੋਸਾ ਨਹੀਂ ਰਿਹਾ। ਉਨ੍ਹਾਂ ਆਖਿਆ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਵੱਲੋਂ ਪੰਜਾਬ ਦੇ ਕਿਸਾਨਾਂ, ਗਰੀਬਾਂ ਤੇ ਸਿੱਖਾਂ ਨਾਲ ਬੇਇਨਸਾਫੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਗਰੂਰ ਜ਼ਿਮਨੀ ਚੋਣ ਦੌਰਾਨ ਲੋਕਾਂ ’ਤੇ ਇਸ ਗੱਲ ਦਾ ਅਸਰ ਸਾਫ਼ ਦਿਖਾਈ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਦੱਸ ਦਿੱਤਾ ਹੈ ਕਿ ਪੰਥ ਦੇ ਹਿਤੈਸ਼ੀ ਕੌਣ ਹਨ, ਜਿਸ ਲਈ ਉਹ ਹਲਕਾ ਵਾਸੀਆਂ ਦੇ ਸਣਾ ਰਿਣੀ ਰਹਿਣਗੇ। ਉਨ੍ਹਾਂ ਕਿਹਾ ਕਿ ਸੂਬੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਹੈ, ਜਿਸ ਕਰਕੇ ਉਹ ਖ਼ੁਦਕੁਸ਼ੀਆਂ ਕਰ ਰਹੇ ਹਨ, ਪਰ ਜਿੰਨਾ ਚਿਰ ਪਾਕਿਸਤਾਨ ਨਾਲ ਪੰਜਾਬ ਦੇ ਬਾਰਡਰ ਨਹੀਂ ਖੁੱਲ੍ਹਦੇ ਤੇ ਜਿਣਸ ਬਾਹਰਲੀਆਂ ਮੰਡੀਆਂ ਵਿੱਚ ਨਹੀਂ ਜਾਂਦੀ, ਓਨਾ ਚਿਰ ਇਸ ਸਥਿਤੀ ਵਿੱਚ ਸੁਧਾਰ ਨਹੀਂ ਆ ਸਕਦਾ। ਸ੍ਰੀ ਮਾਨ ਨੇ ਮੂਨਕ ਦੀ ਅਨਾਜ ਮੰਡੀ ਵਿੱਚ ਵੀ ਇਕੱਠ ਨੂੰ ਸੰਬੋਧਨ ਕਰਦਿਆਂ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਚ ਦਾ ਸੰਚਾਲਨ ਬਹਾਦਰ ਸਿੰਘ ਭਸੌੜ ਹਲਕਾ ਇੰਚਾਰਜ ਲਹਿਰਾਂ ਨੇ ਕੀਤਾ ਤੇ ਲਹਿਰਾ ਵਰਕਰਾਂ ਨੇ ਖਾਸ ਤੌਰ ’ਤੇ ਸਿਮਰਨਜੀਤ ਸਿੰਘ ਮਾਨ ਦਾ ਸਨਮਾਨ ਕੀਤਾ।