ਮਿਹਰ ਸਿੰਘ
ਕੁਰਾਲੀ, 5 ਮਾਰਚ
ਇੱਥੋਂ ਦੇ ਕਮਿਊਨਟੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜਾ ਦਿਵਾਉਣ ਅਤੇ ਵਧੇਰੇ ਸਹੂਲਤਾਂ ਨਾਲ ਲੈਸ ਕਰਨ ਦੀ ਮੰਗ ਲਈ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਗਿਆ। ਪਿਛਲੇ ਕਈ ਦਿਨਾਂ ਤੋਂ ਹਸਪਤਾਲ ਦੇ ਬਾਹਰ ਭੁੱਖ ਹੜਤਾਲ ’ਤੇ ਬੈਠੇ ਨੌਜਵਾਨਾਂ ਨੇ ਸਮਾਜ ਸੇਵੀ ਰਣਜੀਤ ਸਿੰਘ ਕਾਕਾ ਮਾਰਸ਼ਲ ਦੀ ਅਗਵਾਈ ਵਿੱਚ ਕੱਢੇ ਰੋਸ ਮਾਰਚ ਦੌਰਾਨ ਸਰਕਾਰ ਤੋਂ ਹਸਪਤਾਲ ਨੂੰ ਤੁਰੰਤ ਅੱਪਗ੍ਰੇਡ ਕਰਨ ਦੀ ਮੰਗ ਕਰਦਿਆਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ।
ਮਾਰਚ ਨੂੰ ਸੰਬੋਧਨ ਕਰਦਿਆਂ ਰਣਜੀਤ ਸਿੰਘ ਕਾਕਾ ਮਾਰਸ਼ਲ ਨੇ ਕਿਹਾ ਕਿ ਇਲਾਕੇ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਵਾਉਣ ਦੇ ਮਨੋਰਥ ਨਾਲ ਸ਼ਹਿਰ ਵਾਸੀਆਂ ਵੱਲੋਂ ਦਾਨ ਦਿੱਤੀ ਕਈ ਏਕੜ ਜ਼ਮੀਨ ਉੱਪਰ ਕਰੀਬ ਤਿੰਨ ਦਹਾਕੇ ਪਹਿਲਾਂ ਸਰਕਾਰ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਢਿੱਲ ਅਤੇ ਹਲਕੇ ਦੇ ਨੁਮਾਇੰਦਿਆਂ ਦੀ ਅਣਦੇਖੀ ਕਾਰਨ ਇਹ ਹਸਪਤਾਲ ਸਫ਼ੈਦ ਹਾਥੀ ਬਣਿਆ ਹੋਇਆ ਹੈ। ਕਾਕਾ ਮਾਰਸ਼ਲ ਨੇ ਕਿਹਾ ਕਿ ਪਿਛਲੇ ਲੰਮੇ ਅਰਸੇ ਤੋਂ ਇਸ ਕਮਿਊਨਿਟੀ ਹੈਲਥ ਸੈਂਟਰ ਨੂੰ ਅੱਪਗ੍ਰੇਡ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ ਪਰ ਸਮੇਂ ਦੀਆਂ ਸਰਕਾਰਾਂ ਤੇ ਆਗੂਆਂ ਨੇ ਇਸ ਸਬੰਧੀ ਕੋਈ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਆਗੂ ਵੀ ਹੁਣ ਤੱਕ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਪੂਰਾ ਕਰਵਾਉਣ ਵਿੱਚ ਅਸਫ਼ਲ ਰਹੇ ਹਨ। ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਅੱਪਗ੍ਰੇਡ ਕਰਨ ਦੀ ਮੰਗ ਨੂੰ ਜੇਕਰ ਹੁਣ ਵੀ ਸਰਕਾਰ ਨੇ ਨਾ ਮੰਨਿਆ ਤਾਂ ਉਹ ਮਰਨ ਵਰਤ ’ਤੇ ਬੈਠਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਨ੍ਹਾਂ ਹਸਪਤਾਲ ਦਾ ਦਰਜਾ ਵਧਾ ਕੇ ਤੁਰੰਤ ਮਾਹਿਰ ਡਾਕਟਰਾਂ ਦੀਆਂ ਨਿਯੁਕਤੀਆਂ ਕਰਨ ਅਤੇ ਹਸਪਤਾਲ ਵਿੱਚ ਆਧੁਨਿਕ ਸਿਹਤ ਸਹੂਲਤਾਂ ਮੁਹਈਆ ਕਰਵਾਏ ਜਾਣ ਦੀ ਮੰਗ ਕੀਤੀ। ਇਸ ਮੌਕੇੇ ਸੁਰਿੰਦਰ ਸਿੰਘ ਲਹਿਲ,ਮਨਮੋਹਨ ਸਿੰਘ ਮਾਵੀ ਸਰਪੰਚ ਬੜੌਦੀ, ਸਰਪੰਚ ਸੁਖਵਿੰਦਰ ਸਿੰਘ, ਸਾਬਕਾ ਸਰਪੰਚ ਅਮਨਦੀਪ ਸਿੰਘ ਗੋਲਡੀ, ਰਵਿੰਦਰ ਬਾਠ ਧਿਆਨਪੁਰਾ, ਅਵਤਾਰ ਸਿੰਘ ਤਾਰੀ,ਬਲਜੀਤ ਸਿੰਘ ਖੈਰਪੁਰ,ਅਮਨਦੀਪ ਸਿੰਘ,ਲਾਲੀ ਅਕਾਲਗੜ੍ਹ,ਹਰਪ੍ਰੀਤ ਸਿੰਘ ਬਿੱਲਾ ਚੈੜੀਆਂ,ਅਰਵਿੰਦ ਧੀਮਾਨ,ਬਿੱਲਾ ਭਾਗੋਮਾਜਰਾ ਆਦਿ ਦਰਜ਼ਨਾਂ ਨੌਜਵਾਨ ਹਾਜ਼ਰ ਸਨ।