ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 24 ਜਨਵਰੀ
ਇੱਥੇ ‘ਆਪ’ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪੁੱਜੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਆਖਿਆ ਕਿ 2017 ਦੀਆਂ ਚੋਣਾਂ ਵੇਲੇ ਪੰਜਾਬ ਦੇ ਲੋਕਾਂ ਨੇ ਜੋ ਫਤਵਾ ਦਿੱਤਾ ਸੀ, ਉਸ ਨੂੰ ਆਮ ਆਦਮੀ ਪਾਰਟੀ ਨੇ ਸਿਰ ਮੱਥੇ ਪ੍ਰਵਾਨ ਕੀਤਾ ਸੀ ਪਰ ਹੁਣ ਲੋਕਾਂ ਨੂੰ ਸਰਕਾਰ ਬਣਾਉਣ ਵਾਲਿਆਂ ਤੋਂ ਕੀਤੇ ਕੰਮਾਂ ਦਾ ਹਿਸਾਬ ਜ਼ਰੂਰ ਮੰਗਣਾ ਚਾਹੀਦਾ ਹੈ। ਅੱਜ ਉਨ੍ਹਾਂ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ਤੋਂ ‘ਆਪ’ ਉਮੀਦਵਾਰ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਹੱਕ ਵਿੱਚ ਘਰ-ਘਰ ਜਾ ਕੇ ਚੋਣ ਪ੍ਰਚਾਰ ਕੀਤਾ ਹੈ।
ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਝਾ, ਮਾਲਵਾ ਤੇ ਦੋਆਬਾ ਦੇ ਲੋਕਾਂ ਦੀਆਂ ਸਮੱਸਿਆਵਾਂ ਇਕੋ ਜਿਹੀਆਂ ਹਨ। ਲੋਕ ਇਸ ਵੇਲੇ ਨਸ਼ੇ, ਗਰੀਬੀ, ਮਹਿੰਗਾਈ ਤੇ ਬੇਰੁਜ਼ਗਾਰੀ ਜਿਹੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚਾਹੀਦਾ ਹੈ ਕਿ ਸੱਤਾ ਨੂੰ ਲੁੱਟਣ ਵਾਲਿਆਂ ਦੀ ਇਸ ਵਾਰ ਜਵਾਬ-ਤਲਬੀ ਕਰਨ। ਸਿਸੋਦੀਆ ਨੇ ਕਾਂਗਰਸ ਅਤੇ ਅਕਾਲੀਆਂ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਦੋਵਾਂ ਸਰਕਾਰਾਂ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ’ਚ ਨਸ਼ਿਆਂ ਦੇ ਕਾਰੋਬਾਰ ਵਿੱਚ ਵੀ ਸਿਆਸਤਦਾਨਾਂ ਦਾ ਹੱਥ ਹੈ, ਜਿਸ ਨੂੰ ‘ਆਪ’ ਦੀ ਸਰਕਾਰ ਆਉਣ ’ਤੇ ਠੱਲ੍ਹ ਪਾਈ ਜਾਵੇਗੀ। ਇਸ ਮੌਕੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਖਿਆ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਸ਼ੇ ਖਤਮ ਕਰਨ ਅਤੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਪਰ ਨਾ ਨਸ਼ਾ ਰੁਕਿਆ ਅਤੇ ਨਾ ਹੀ ਨੌਜਵਾਨਾਂ ਨੂੰ ਨੌਕਰੀ ਮਿਲੀ। ਉਨ੍ਹਾਂ ਬੇਅਦਬੀ ਮਾਮਲਿਆਂ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਦੱਸਿਆ। ਇਸ ਦੌਰਾਨ ਉਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨਾਲ ਮੁਲਾਕਾਤ ਕਰਦਿਆਂ ਪ੍ਰਚਾਰ ਕੀਤਾ।
ਸ਼੍ਰੋਮਣੀ ਕਮੇਟੀ ਮੈਂਬਰ ਦੋਬਲੀਆ ‘ਆਪ’ ਵਿੱਚ ਸ਼ਾਮਲ
ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਸਵਿੰਦਰ ਸਿੰਘ ਦੋਬਲੀਆ ਅੱਜ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਕਰੀਬੀ ਦੱਸੇ ਜਾਂਦੇ ਹਨ ਅਤੇ ਅੱਜ ਉਹ ਕਾਂਗਰਸ ਦਾ ਹੱਥ ਛੱਡ ਕੇ ‘ਆਪ’ ਦੇ ਹੋ ਗਏ ਹਨ। ਸ੍ਰੀ ਦੋਬਲੀਆ ਨੇ ਕਿਹਾ ਕਿ ਉਨ੍ਹਾਂ ਫ਼ੈਹ ਫੈਸਲਾ ਸੋਚ ਵਿਚਾਰ ਕੇ ਕੀਤਾ ਹੈ। ਜੇਕਰ ਪੰਜਾਬ ਵਿਚ ਜਵਾਨੀ ਤੇ ਕਿਸਾਨੀ ਨੂੰ ਬਚਾਉਣਾ ਹੈ ਤਾਂ ‘ਆਪ’ ਦੀ ਸਰਕਾਰ ਬਣਾਉਣੀ ਪਵੇਗੀ ਕਿਉਂਕਿ ਕਾਂਗਰਸ ਅਤੇ ਅਕਾਲੀਆਂ ਦੋਵਾਂ ਨੇ ਪੰਜਾਬੀਆਂ ਨੂੰ ਕਰਜ਼ੇ ਦੀ ਡੂੰਘੀ ਖਾਈ ਵਿੱਚ ਸੁੱਟ ਦਿੱਤਾ ਹੈ। ਇਸ ਮੌਕੇ ‘ਆਪ’ ਦੇ ਨੈਸ਼ਨਲ ਕੌਂਸਲ ਮੈਂਬਰ ਹਰਿੰਦਰ ਸਿੰਘ ਵੀ ਹਾਜ਼ਰ ਸਨ।