ਜੀਵਨ ਕ੍ਰਾਂਤੀ
ਝੁਨੀਰ, 18 ਸਤੰਬਰ
ਪਿੰਡ ਭੰਮੇ ਖੁਰਦ ਦੇ ਵਸਨੀਕਾਂ ਵੱਲੋਂ ਅੱਜ ਇਕੱਠ ਕਰਕੇ ਪਿੰਡ ਵਿੱਚ ਨਸ਼ੇ ਵੇਚਣ ਵਾਲਿਆਂ ਖ਼ਿਲਾਫ਼ ਜੰਗ ਵਿੱਢਣ ਦਾ ਐਲਾਨ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਲੰਬੇ ਸਮੇਂ ਤੋਂ ਪਿੰਡ ਵਿੱਚ ਇਕ ਦੁਕਾਨਦਾਰ ਸੌਦੇ-ਪੱਤੇ ਦੇ ਨਾਲ-ਨਾਲ ਕਥਿਤ ਨਸ਼ਾ ਵੀ ਵੇਚਦਾ ਹੈ, ਜਿਸ ਕਾਰਨ ਪਿੰਡ ਦੇ ਵੱਡੀ ਗਿਣਤੀ ਨੌਜਵਾਨ ਨਸ਼ਿਆਂ ਦੀ ਮਾਰ ਹੇਠ ਆ ਰਹੇ ਹਨ। ਪਿੰਡ ਵਾਸੀਆਂ ਵੱਲੋਂ ਨਸ਼ਿਆਂ ਦੀ ਵਿਕਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਅੱਜ ਪਿੰਡ ਵਿੱਚ ਨਸ਼ਿਆਂ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦਾ ਐਲਾਨ ਕੀਤਾ ਗਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਕਤ ਦੁਕਾਨਦਾਰ ਨੂੰ ਪੁਲੀਸ ਵੱਲੋਂ ਨਸ਼ਾ ਵੇਚਣ ਦੇ ਦੋਸ਼ ਹੇਠ ਤਿੰਨ-ਚਾਰ ਵਾਰ ਫੜਿਆ ਵੀ ਗਿਆ ਹੈ, ਪਰ ਹਰ ਵਾਰ ਉਸ ਨੂੰ ਪਿੰਡ ਤੋਂ ਬਾਹਰ ਲਿਜਾ ਕੇ ਛੱਡ ਦਿੱਤਾ ਜਾਂਦਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਕਤ ਵਿਅਕਤੀ ਵੱਲੋਂ ਪਿੰਡ ਵਿੱਚ ਸ਼ਰੇਆਮ ਆਖਿਆ ਗਿਆ ਹੈ ਕਿ ਉਹ ਆਪਣਾ ਕੰਮ ਇਸੇ ਤਰ੍ਹਾਂ ਜਾਰੀ ਰੱਖੇਗਾ। ਪੁਲੀਸ ਸੂਤਰ ਦੱਸਦੇ ਹਨ ਕਿ ਉਕਤ ਵਿਅਕਤੀ ਦੀ ਸਿਆਸੀ ਆਗੂਆਂ ਤੱਕ ਪਹੁੰਚ ਹੈ ਤੇ ਜਦੋਂ ਉਸ ਨੂੰ ਫੜਿਆ ਜਾਂਦਾ ਹੈ ਤਾਂ ਉਸ ਨੂੰ ਛੱਡਣ ਲਈ ਫੋਨ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਮੌਕੇ ਕਿਸਾਨ ਯੂਨੀਅਨ ਉਗਰਾਹਾਂ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਵੀ ਪਿੰਡ ਵਾਸੀਆਂ ਵੱਲੋਂ ਵਿੱਢੇ ਗਏ ਇਸ ਸੰਘਰਸ਼ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ।