ਅਜੇ ਮਲਹੋਤਰਾ
ਬਸੀ ਪਠਾਣਾਂ, 28 ਜੂਨ
ਮੁਸਲਿਮ ਭਾਈਚਾਰੇ ਅਤੇ ਸਬੰਧਤ ਕੌਂਸਲਰ ਰਜਨੀ ਬਾਬਾ ਟੁਲਾਨੀ ਵੱਲੋਂ ਲਵਾਏ ਕਰੋਨਾ ਟੀਕਾਕਰਨ ਕੈਂਪ ’ਚ ਕੋਵੀਸ਼ੀਲਡ ਵੈਕਸੀਨ ਦੀ ਥਾਂ ਕੋਵੈਕਸੀਨ ਆਉਣ ਕਰਕੇ ਬਹੁਤੇ ਲੋਕਾਂ ਨੇ ਵੈਕਸੀਨ ਨਹੀਂ ਲਗਵਾਈ, ਜਿਸ ਕਰਕੇ ਕੈਂਪ ਪ੍ਰਬੰਧਕਾਂ ਤੇ ਸਿਹਤ ਵਿਭਾਗ ਦੀ ਟੀਮ ’ਚ ਨਿਰਾਸ਼ਾ ਪਾਈ ਗਈ।
ਸਥਾਨਕ ਵਾਰਡ ਨੰਬਰ-4 ਦੀ ਜਾਮਾ ਮਸਜਿਦ ਵਿੱਚ ਲਾਏ ਕੈਂਪ ’ਚ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨੀ ਸੀ ਪਰ ਕੈਂਪ ਬੰਦ ਕਰਨ ਕਰਕੇ ਉਹ ਵੀ ਕਾਫੀ ਨਿਰਾਸ਼ ਨਜ਼ਰ ਆਏ। ਇਸ ਸਬੰਧ ’ਚ ਵਿਧਾਇਕ ਜੀ.ਪੀ. ਨੇ ਕਿਹਾ ਕਿ ਕੋਵੈਕਸੀਨ ਟੀਕਿਆਂ ਪ੍ਰਤੀ ਲੋਕਾਂ ਦਾ ਡਰ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੋਨੋਂ ਵੈਕਸੀਨ ਸੁਰੱਖਿਅਤ ਹਨ, ਇਸ ਲਈ ਬਿਨਾਂ ਕਿਸੇ ਡਰ ਜਾਂ ਵਹਿਮ ਤੋਂ ਵੈਕਸੀਨ ਲਵਾਉਂਦਿਆਂ ਕਰੋਨਾ ਮਹਾਮਾਰੀ ਨੂੰ ਹਰਾਉਣ ’ਚ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ ਜਾਵੇ। ਕੈਂਪ ਦੌਰਾਨ ਲੇਬਰ ਵੈੱਲਫੇਅਰ ਬੋਰਡ ਪੰਜਾਬ ਦੇ ਚੇਅਰਮੈਨ ਹਰੀ ਸਿੰਘ ਟੋਹੜਾ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਕੈਂਪ ਕੋਆਰਡੀਨੇਟਰ ਕੌਂਸਲਰ ਰਜਨੀ ਬਾਲਾ ਟੁਲਾਨੀ, ਸਮਾਜ ਸੇਵੀ ਅਸ਼ੋਕ ਟੁਲਾਨੀ ਅਤੇ ਡਾ. ਦੀਵਾਨ ਧੀਰ ਨੇ ਲੋਕਾਂ ਨੂੰ ਕੋਵੈਕਸੀਨ ਬਾਰੇ ਜਾਗਰੂਕ ਕੀਤਾ ਪਰ ਇਸ ਵੈਕਸੀਨ ਪ੍ਰਤੀ ਸ਼ੰਕਿਆਂ ਕਾਰਨ ਬਹੁਤੇ ਲੋਕ ਕੋਵੈਕਸੀਨ ਲਵਾਉਣ ਲਈ ਤਿਆਰ ਨਾ ਹੋਏ। ਕਾਂਗਰਸ ਦੇ ਪ੍ਰਦੇਸ਼ ਸਕੱਤਰ ਓਮ ਪ੍ਰਕਾਸ਼ ਤਾਂਗੜੀ ਤੇ ਹੋਰਨਾਂ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਕੋਵੈਕਸੀਨ ਪ੍ਰਤੀ ਜਾਗਰੂਕ ਕਰਨਗੇ ਤਾਂ ਜੋ ਅੱਗੇ ਇਹ ਸਮੱਸਿਆ ਨਾ ਆਵੇ।