ਡਾ. ਹਿਮਾਂਸ਼ੂ ਸੂਦ/ਅਜੇ ਮਲਹੋਤਰਾ
ਫਤਹਿਗੜ੍ਹ ਸਾਹਿਬ/ਬਸੀ ਪਠਾਣਾਂ, 29 ਨਵੰਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਬਸੀ ਪਠਾਣਾਂ ਦੇ ਨੇੜਲੇ ਪਿੰਡ ਦੁਫੇੜਾ ਸਾਹਿਬ ਵਿਖੇ ਡੇਰਾ ਮੁਖੀ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਤੋਂ ਆਸ਼ੀਰਵਾਦ ਲਿਆ।
ਇਸ ਮੌਕੇ ਗੱਲ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਬਾਬਾ ਰਾਮ ਸਿੰਘ ਗੰਢੂਆਂ ਵਾਲਿਆਂ ਵੱਲੋਂ ਮਨੁੱਖਤਾ ਅਤੇ ਸਮਾਜ ਦੇ ਭਲੇ ਲਈ ਕੀਤੇ ਜਾ ਰਹੇ ਕਾਰਜ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਉਹ ਦਿਨ-ਰਾਤ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੇ ਚੰਗੇ ਨਤੀਜੇ ਆਉਣ ਦੇ ਸੰਕੇਤ ਵੀ ਮਿਲ ਰਹੇ ਹਨ। ਸ੍ਰੀ ਚੰਨੀ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੋ ਉਹ ਲੋਕਾਂ ਦੀ ਸੇਵਾ ਦੇ ਕਾਰਜ ਕਰ ਰਹੇ ਹਨ, ਇਹ ਜ਼ਮੀਨ ’ਤੇ ਵੀ ਦਿਖਾਈ ਦੇਣੇ ਚਾਹੀਦੇ ਹਨ। ਉਨ੍ਹਾਂ ਭਰੋਸਾ ਦਿੰਦਿਆਂ ਕਿਹਾ ਕਿ ਬਾਬਾ ਰਾਮ ਸਿੰਘ ਦੇ ਆਸ਼ੀਰਵਾਦ ਨਾਲ ਉਹ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਕਤਾਰ ਵਿੱਚ ਖੜ੍ਹੇ ਉਸ ਆਖ਼ਰੀ ਵਿਅਕਤੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਰੱਖਣਗੇ ਜਿਸ ਦਾ ਉਹ ਅਸਲ ਹੱਕਦਾਰ ਹੈ।
ਇਸ ਮੌਕੇ ਉਨ੍ਹਾਂ ਨਾਲ ਛੋਟੇ ਭਰਾ ਡਾ. ਮਨੋਹਰ ਸਿੰਘ, ਡੀਸੀ ਪੂਨਮਦੀਪ ਕੌਰ, ਰੋਪੜ ਰੇਂਜ ਦੇ ਆਈਜੀ ਏ ਕੇ ਮਿੱਤਲ, ਏਡੀਸੀ ਅਨੁਪ੍ਰਿਤਾ ਜੌਹਲ, ਐੱਸਡੀਐੱਮ ਯਸ਼ਪਾਲ ਸ਼ਰਮਾ, ਐੱਸਪੀ ਰਾਜਪਾਲ ਸਿੰਘ ਅਤੇ ਨਵਨੀਤ ਸਿੰਘ ਵਿਰਕ, ਡੀਐੱਸਪੀ ਮਨਜੀਤ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।