ਸੁਖਮੀਤ ਭਸੀਨ
ਬਠਿੰਡਾ, 5 ਜੁਲਾਈ
ਮਾਲਵੇ ਦੇ ਦੱਖਣੀ ਖਿੱਤੇ ਦੇ ਨੌਜਵਾਨਾਂ ਵਿੱਚ ਵਿਦੇਸ਼ ਦਾ ਰੁਝਾਨ ਕਾਫੀ ਵੱਧ ਗਿਆ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹਿਆਂ (ਦਿਹਾਤੀ) ਵਿੱਚ ਲੋਕ ਆਪਣੇ ਬੱਚਿਆਂ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਣ ਲਈ ਕੁਝ ਵੀ ਕਰਨ ਨੂੰ ਤਿਆਰ ਹਨ।
ਕਿਸਾਨ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਵਾਸਤੇ ਭੇਜਣ ਲਈ ਆਪਣੇ ਪਸ਼ੂ ਤੇ ਸੋਨਾ ਵੇਚ ਰਹੇ ਹਨ, ਬੈਂਕਾ ਕੋਲ ਆਪਣੀ ਜ਼ਮੀਨ ਗਹਿਣੇ ਧਰ ਰਹੇ ਹਨ ਤੇ ਆਪਣੇ ਖੇਤੀਬਾੜੀ ਦੇ ਸੰਦ ਵੇਚ ਰਹੇ ਹਨ। ਇਸ ਤੋਂ ਇਲਾਵਾ ਵੱਡੀ ਗਿਣਤੀ ਲੋਕ ਪ੍ਰਾਈਵੇਟ ਫਾਇਨਾਂਸਰਾਂ ਕੋਲ ਆਪਣਾ ਸੋਨਾ ਗਹਿਣੇ ਕਰਕੇ ਕਰਜ਼ਾ ਲੈ ਰਹੇ ਹਨ। ‘ਦਿ ਟ੍ਰਿਬਿਊਨ’ ਦੀ ਟੀਮ ਨੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਮਾ ਸਰਕਾਰੀ ਦਾ ਦੌਰਾ ਕੀਤਾ, ਜਿਥੇ ਹਰ ਤੀਜੇ ਘਰ ਵਿਚੋਂ ਬੱਚਾ ਉਚੇਰੀ ਸਿੱਖਿਆ ਲਈ ਵਿਦੇਸ਼ ਗਿਆ ਹੋਇਆ ਹੈ। ਪਿੰਡ ਦੀ ਕੁਲ ਆਬਾਦੀ 1200 ਹੈ ਅਤੇ ਪਿੰਡ ਵਿੱਚ ਕੁੱਲ 300 ਘਰ ਹਨ। ਪਿੰਡ ਵਾਸੀਆਂ ਨੇ ਆਖਿਆ ਕਿ 100 ਦੇ ਕਰੀਬ ਨੌਜਵਾਨ ਵਿਦੇਸ਼ ਜਾ ਚੁੱਕੇ ਹਨ ਅਤੇ ਪਿੰਡ ਵਿੱਚ ਉਨ੍ਹਾਂ ਦੇ ਮਾਪੇ ਇਕੱਲੇ ਰਹਿ ਰਹੇ ਹਨ। ਮਹਿਮਾ ਸਰਕਾਰੀ ਵਾਸੀ ਮਨੋਜ ਸ਼ਰਮਾ ਨੇ ਆਖਿਆ ਕਿ ਪਹਿਲਾਂ ਉਨ੍ਹਾਂ ਦਾ ਪਿੰਡ ਸਰਕਾਰੀ ਮੁਲਾਜ਼ਮਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਸੀ, ਕਿਉਂਕਿ ਵੱਡੀ ਗਿਣਤੀ ਲੋਕ ਸਰਕਾਰੀ ਨੌਕਰੀ ਕਰਦੇ ਸਨ ਪਰ ਹੁਣ ਪਿੰਡ ਦੇ 100 ਦੇ ਕਰੀਬ ਨੌਜਵਾਨ ਸਟੱਡੀ ਵੀਜ਼ੇ ’ਤੇ ਕੈਨੇਡਾ, ਆਸਟਰੇਲੀਆ, ਯੂਕੇ ਅਤੇ ਸਾਈਪ੍ਰਸ ਜਾ ਚੁੱਕੇ ਹਨ ਤੇ ਕਾਫੀ ਨੌਜਵਾਨ ਵੀਜ਼ਾ ਆਉਣ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪਿੰਡ ਦੇ ਸੀਨੀਅਰ ਸਿਟੀਜ਼ਨ ਵੀ ਆਪਣੇ ਬੱਚਿਆਂ ਨਾਲ ਵਿਦੇਸ਼ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਵਿਦੇਸ਼ ਜਾਣ ਦੇ ਕਈ ਕਾਰਨ ਹਨ, ਜਿਨ੍ਹਾਂ ਵਿਚ ਖੇਤੀਬਾੜੀ ਵਿੱਚ ਲਗਾਤਾਰ ਪੈ ਰਿਹਾ ਘਾਟਾ ਅਤੇ ਸਰਕਾਰੀ ਨੌਕਰੀਆਂ ਦਾ ਘਟਨਾ ਮੁੱਖ ਹਨ। ਪਿੰਡ ਦੀ ਆਂਗਨਵਾੜੀ ਵਰਕਰ ਪਰਮਜੀਤ ਕੌਰ ਨੇ ਆਖਿਆ ਕਿ ਉਸ ਨੇ ਆਪਣੀ ਪਤੀ ਦੀ ਮੌਤ ਤੋਂ ਬਾਅਦ ਆਪਣੇ ਦੋ ਪੁੱਤਰਾਂ ਨੂੰ ਕਾਫੀ ਮੁਸ਼ਕਲ ਨਾਲ ਪਾਲਿਆ ਹੈ ਅਤੇ ਉਹ ਬਾਰ੍ਹਵੀਂ ਕਲਾਸ ਤੋਂ ਬਾਅਦ ਉਨ੍ਹਾਂ ਨੂੰ ਉਚੇਰੀ ਸਿੱਖਿਆ ਲਈ ਕੈਨੇਡਾ ਭੇਜੇਗੀ। ਮਾਲਵੇ ਦੇ ਦੱਖਣੀ ਖੇਤਰ ਵਿੱਚ ਬਠਿੰਡਾ ਦਾ ਅਜੀਤ ਰੋਡ ਆਇਲਸ ਸੈਂਟਰਾਂ ਦੇ ਗੜ੍ਹ ਵਜੋਂ ਜਾਣਿਆ ਜਾਂਦਾ ਹੈ। ਇਥੇ ਦਾਖਲਾ ਲੈਣ ਵਾਲੇ ਬੱਚਿਆਂ ਦੀ ਵੱਡੀ ਗਿਣਤੀ ਵਿਦੇਸ਼ ਜਾਣ ਦੇ ਰੁਝਾਨ ਵੱਲ ਇਸ਼ਾਰਾ ਕਰਦੀ ਹੈ। ਬਠਿੰਡਾ ਸ਼ਹਿਰ ਦੀ ਹਰ ਗਲੀ ਵਿੱਚ ਆਇਲਸ ਸੈਂਟਰਾਂ ਅਤੇ ਕੰਸਲਟੈਂਟ ਏਜੰਸੀਆਂ ਦੇ ਬੈਨਰ ਲੱਗੇ ਹੋਏ ਹਨ। ਹਾਲਾਂਕਿ ਪੇਂਡੂ ਖੇਤਰ ਵਿੱਚ ਆਇਲਸ ਸੈਂਟਰ ਖੁੱਲ੍ਹੇ ਹੋਏ ਹਨ।