ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਸਤੰਬਰ
ਖੇਤੀ ਸੁਧਾਰ ਬਿੱਲਾਂ ਖ਼ਿਲਾਫ਼ ਅੱਜ ਬਾਘਾਪੁਰਾਣਾ ਵਿੱਚ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਵੱਲੋਂ ਲਾਏ ਗਏ ਧਰਨੇ ਦੌਰਾਨ ਵਿਧਾਇਕ ਦੇ ਪੁੱਤਰ ਯੂਥ ਕਾਂਗਰਸੀ ਆਗੂ ਕਮਲਜੀਤ ਸਿੰਘ ਬਰਾੜ ਦਾ ਲੋਕਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਇਸ ਦੌਰਾਨ ਪਿੰਡ ਡਗਰੂ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਧਰਨੇ ’ਚ ਪੁੱਜੇ ਇੱਕ ਹੋਰ ਵਿਧਾਇਕ ਨੂੰ ਵੀ ਭਾਸ਼ਨ ਦੀ ਆਗਿਆ ਨਾ ਮਿਲੀ।
ਬਾਘਾਪੁਰਾਣਾ ਵਿੱਚ ਇਸ ਹਲਕੇ ਤੋਂ ਕਾਂਗਰਸੀ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਉਨ੍ਹਾਂ ਦੇ ਪੁੱਤਰ ਯੂਥ ਕਾਂਗਰਸ ਆਗੂ ਤੇ ਪਾਰਟੀ ਬੁਲਾਰੇ ਕਮਲਜੀਤ ਸਿੰਘ ਬਰਾੜ ਵੱਲੋਂ ਕਿਸਾਨਾਂ ਦੀ ਹਮਾਇਤ ’ਚ ਧਰਨਾ ਦੇਣ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਧਰਨੇ ਵਿੱਚ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਪਾਰਟੀ ਬੁਲਾਰੇ ਕਮਲਜੀਤ ਸਿੰਘ ਬਰਾੜ ਨੇ ਜਦੋਂ ਮੰਚ ਤੋਂ ਸੰਬੋਧਨ ਕਰਨਾ ਸ਼ੁਰੂ ਕੀਤਾ ਤਾਂ ਲੋਕਾਂ ਨੇ ਉਸ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ। ਇਸ ਮੌਕੇ ਸੁਰੱਖਿਆ ਲਈ ਤਾਇਨਾਤ ਪੁਲੀਸ ਨੇ ਉਨ੍ਹਾਂ ਨੂੰ ਖਦੇੜ ਦਿੱਤਾ ਤੇ ਬੜੀ ਮੁਸ਼ਕਲ ਨਾਲ ਮਾਹੌਲ ਸ਼ਾਂਤ ਕੀਤਾ।
ਇਸ ਮੌਕੇ ਕਮਲਜੀਤ ਬਰਾੜ ਨੇ ਇਸ ਵਿਰੋਧ ਨੂੰ ਇੱਕ ਸਿਆਸੀ ਪਾਰਟੀ ਦੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਉਹ ਕਿਸਾਨ ਹੋਣ ਦੇ ਨਾਤੇ ਬਿੱਲ ਦਾ ਵਿਰੋਧ ਕਰਦੇ ਹਨ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪੰਜਾਬ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਇਸ ਸਮੇਂ ਕਿਸਾਨਾਂ ਨਾਲ ਖੜ੍ਹੇ ਹੋ ਕੇ ਸੰਘਰਸ਼ ਦੀ ਹਮਾਇਤ ਕਰਨ।