ਸਰਬਜੀਤ ਸਿੰਘ ਭੱਟੀ
ਲਾਲੜੂ, 28 ਅਪਰੈਲ
ਚੌਵੀ ਘੰਟੇ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ’ ਸਰਕਾਰ ਲੋਕਾਂ ਨੂੰ ਬਿਜਲੀ ਦੇਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਲਾਲੜੂ ਖੇਤਰ ਵਿੱਚ ਲੱਗਦੇ ਬਿਜਲੀ ਦੇ ਵੱਡੇ-ਵੱਡੇ ਅਣਐਲਾਨੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ।
ਇਲਾਕੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਪ੍ਰਾਪਤ ਜਾਣਕਾਰੀ ਮੁਤਾਬਕ ਰਾਤ ਨੂੰ ਦੋ-ਦੋ ਵਜੇ ਤੱਕ ਬਿਜਲੀ ਨਹੀਂ ਆ ਰਹੀ, ਜਿਸ ਨਾਲ ਕਿਸਾਨ, ਛੋਟੇ ਦੁਕਾਨਦਾਰ ਅਤੇ ਵਪਾਰੀ ਬੇਹੱਦ ਪ੍ਰੇਸ਼ਾਨ ਹਨ। ਬਿਜਲੀ ਦੇ ਕੱਟਾ ਦੇ ਨਾਲ ਨਾਲ ਪੀਣ ਵਾਲੇ ਪਾਣੀ ਦੀ ਸਮੱਸਿਆ ਵੀ ਇਲਾਕੇ ਵਿੱਚ ਗੰਭੀਰ ਹੁੰਦੀ ਜਾ ਰਹੀ ਹੈ, ਖੇਤਾਂ ਵਿੱਚ ਲੱਗੇ ਸਿੰਜਾਈ ਵਾਲੇ ਟਿਊਬਵੈੱਲ ਅਤੇ ਜਲ ਸਪਲਾਈ ਵਿਭਾਗ ਦੇ ਟਿਊਬਵੈੱਲ ਵੀ ਠੱਪ ਪਏ ਹਨ। ਪਾਵਰਕੌਮ ਮੰਡਲ ਲਾਲੜੂ ਦੇ ਐਕਸੀਅਨ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਬਿਜਲੀ ਪੈਦਾ ਕਰਨ ਵਾਲੇ ਪਲਾਂਟਾ ਵਿੱਚ ਤਕਨੀਕੀ ਨੁਕਸ ਹੋਣ ਕਾਰਨ ਸਮੱਸਿਆ ਆਈ ਹੈ, ਜਿਸ ਨੂੰ ਛੇਤੀ ਹੀ ਹੱਲ ਕਰ ਲਿਆ ਜਾਵੇਗਾ।
ਵਿਧਾਇਕਾਂ ਦੇ ਘਰ ਘੇਰਨ ਦੀ ਚਿਤਾਵਨੀ
ਮੁੱਲਾਂਪੁਰ ਗਰੀਬਦਾਸ (ਚਰਨਜੀਤ ਚੰਨੀ): ਪਾਵਰਕੌਮ ਦੇ ਉਪਮੰਡਲ ਪਿੰਡ ਮੁੱਲਾਂਪੁਰ ਗਰੀਬਦਾਸ ਅਤੇ ਮਾਜਰਾ ਵਿੱਚ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਬਿਜਲੀ ਦੇ ਅਣਐਲਾਨੇ ਕੱਟਾਂ ਕਾਰਨ ਲੋਕ ਪ੍ਰੇਸ਼ਾਨ ਹਨ। ਲੋਕਾਂ ਅਨੁਸਾਰ ਬਿਜਲੀ ਨਾ ਆਉਣ ਕਾਰਨ ਉਹ ਪੀਣ ਵਾਲੇ ਪਾਣੀ ਤੋਂ ਵੀ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਪਾਣੀ ਵਾਲੇ ਟਿਊਬਵੈੱਲਾਂ ’ਤੇ ਜਨਰੇਟਰ ਆਦਿ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਲੋਕਾਂ ਨੇ ਕਿਹਾ ਕਿ ਜੇਕਰ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਨਾ ਹੋਇਆ ਤਾਂ ‘ਆਪ’ ਦੇ ਹਲਕਾ ਵਿਧਾਇਕਾਂ ਦੇ ਘਰ ਅਤੇ ਦਫ਼ਤਰ ਅੱਗੇ ਧਰਨੇ ਦਿੱਤੇ ਜਾਣਗੇ।
ਖਮਾਣੋਂ ਵਿੱਚ ਧਰਨਾ ਅੱਜ
ਖਮਾਣੋਂ (ਜਗਜੀਤ ਕੁਮਾਰ): ਖਮਾਣੋਂ ਵਿੱਚ ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਭਲਕੇ 29 ਅਪਰੈਲ ਨੂੰ ਦੁਪਹਿਰ 12 ਵਜੇ ਪਿੱਪਲੀ ਹੇਠਾਂ ਨੇੜੇ ਪੈਟਰੋਲ ਪੰਪ ਖਮਾਣੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ (ਏਕਤਾ) ਵੱਲੋਂ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ 29 ਅਪਰੈਲ ਨੂੰ ਸਾਰੇ ਪੰਜਾਬ ਵਿੱਚ ਬਿਜਲੀ ਦੀ ਨਾਕਸ ਸਪਲਾਈ ਖ਼ਿਲਾਫ਼ ਰੋਡ ਜਾਮ ਕੀਤੇ ਜਾਣਗੇ ਅਤੇ ਜਦੋਂ ਤੱਕ ਖੇਤੀ ਮੋਟਰਾਂ ਵਾਲੀ ਬਿਜਲੀ ਤੇ ਘਰਾਂ ਵਾਲੀ ਬਿਜਲੀ ਪੂਰੀ ਨਹੀਂ ਦਿੱਤੀ ਜਾਦੀ ਧਰਨੇ-ਪ੍ਰਦਰਸ਼ਨ ਜਾਰੀ ਰਹਿਣਗੇ।