ਦਵਿੰਦਰ ਪਾਲ
ਚੰਡੀਗੜ੍ਹ, 23 ਨਵੰਬਰ
ਭਾਜਪਾ ਪੰਜਾਬ ਇਕਾਈ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਹੈ ਕਿ ਕਿ ਭਾਜਪਾ ਪਹਿਲੀ ਵਾਰੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ’ਤੇ ਚੋਣ ਲੜ ਰਹੀ ਹੈ। ਇੱਥੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਨ ਆਏ ਕੇਂਦਰੀ ਮੰਤਰੀ ਨੇ ਕਿਹਾ, ‘‘ਪੰਜਾਬ ਵਿੱਚ ਸਿਆਸੀ ਧਿਰਾਂ ਜਨਤਾ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਮੁਫ਼ਤ ਸਹੂਲਤਾਂ ਦੇਣ ਦੇ ਜਾਂ ਹੋਰ ਲੁਭਾਉਣੇ ਵਾਅਦੇ ਕਰ ਰਹੀਆਂ ਹਨ, ਕਿਉਂਕਿ ਉਹ ਸਭ ਜਾਣਦੇ ਹਨ ਕਿ ਜਨਤਾ ਹੁਣ ਉਨ੍ਹਾਂ ਮੂੰਹ ਨਹੀਂ ਲਾਵੇਗੀ। ਇਹ ਸਭ ਭ੍ਰਿਸ਼ਟਾਚਾਰ ਅਤੇ ਮਾਫ਼ੀਆ ਦੇ ਸਰਪ੍ਰਸਤ ਹਨ ਅਤੇ ਜਨਤਾ ਨੂੰ ਹੁਣ ਇਨ੍ਹਾਂ ਕੋਲੋਂ ਕੁਝ ਨਹੀਂ ਮਿਲੇਗਾ।’’ ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਉਦਯੋਗ ਬੰਦ ਹੋਣ ਕੰਢੇੇ ਹੈ, ਨੌਜਵਾਨ ਨਸ਼ਿਆਂ ਦੀ ਮਾਰ ਹੇਠ ਹਨ, ਬੇਰੁਜ਼ਗਾਰੀ ਸਿਖਰ ’ਤੇ ਹੈ, ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਨਿਰਾਸ਼ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਰਹੇ ਹਨ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਅੱਜ ਇੱਥੇ ਵਿਧਾਨ ਸਭਾ ਦੀਆਂ ਆਗਾਮੀ ਚੋਣਾਂ ਦੀ ਤਿਆਰੀ ਵਜੋਂ ਸੂਬਾਈ ਆਗੂਆਂ ਦੀ ਜਥੇਬੰਦਕ ਮੀਟਿੰਗ ਕੀਤੀ ਜਿਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਜੋ ਵੀ ਕਹੇਗੀ ਉਸ ਨੂੰ ਪੂਰਾ ਕਰੇਗੀ, ਕਿਉਂਕਿ ਭਾਜਪਾ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦਿਆਂ ਜਨਤਾ ਅਤੇ ਵਪਾਰੀਆਂ ਨਾਲ ਗੱਲ ਕਰਕੇ ਤਿਆਰ ਕੀਤਾ ਜਾਵੇਗਾ ਅਤੇ ਭਾਜਪਾ ਇਸ ਪ੍ਰਤੀ ਵਚਨਬੱਧ ਹੈ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਵੇਗੀ।
ਮੁੱਖ ਮੰਤਰੀ ਬਦਲਣ ਨਾਲ ਕਾਂਗਰਸ ਦੇ ਘਪਲੇ ਤੇ ਗੁਨਾਹ ਨਹੀਂ ਲੁਕ ਸਕਦੇ: ਸ਼ਰਮਾ
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵਿੱਚ ਸਿਰਫ ਮੁੱਖ ਮੰਤਰੀ ਦਾ ਚਿਹਰਾ ਬਦਲਣ ਨਾਲ ਕਾਂਗਰਸ ਵੱਲੋਂ ਕੀਤੇ ਗੁਨਾਹਾਂ ਨੂੰ ਲੁਕਾਇਆ ਨਹੀਂ ਜਾ ਸਕਦਾ। ਕਾਂਗਰਸ ਨੇ ਸਿਰਫ ਜਨਤਾ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਰਾਸ਼ਨ ਘੁਟਾਲਾ, ਵਜ਼ੀਫਾ ਘੁਟਾਲਾ, ਜਾਅਲੀ ਸ਼ਰਾਬ ਘੁਟਾਲਾ, ਜੀਐੱਸਟੀ ਘੁਟਾਲਾ, ਗ਼ੈਰ-ਕਾਨੂੰਨੀ ਖਣਨ ਘੁਟਾਲਾ, ਬੀਜ ਘੁਟਾਲਾ, ਮਾਲ ਵਿਭਾਗ ਘੁਟਾਲਾ ਆਦਿ ਸਭ ਕਥਿਤ ਤੌਰ ’ਤੇ ਕਾਂਗਰਸੀ ਮੰਤਰੀਆਂ ਅਤੇ ਉਨ੍ਹਾਂ ਦੇ ਚਹੇਤਿਆਂ ਨੇ ਕੀਤੇ ਹਨ। ਪਰ ਚੰਨੀ ਸਰਕਾਰ ਵੱਲੋਂ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਭਾਜਪਾ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਛੋਟੇ ਡਰਾਮੇਬਾਜ਼ ਅਤੇ ਸਿੱਧੂ ਇਸ ਤੋਂ ਵੀ ਵੱਡੇ ਡਰਾਮੇਬਾਜ਼ ਹਨ, ਦੋਵੇਂ ਅਜਿਹੇ ਐਲਾਨ ਕਰਕੇ ਆਪਣੇ ਡਰਾਮੇਬਾਜ਼ ਹੋਣ ਦਾ ਸਬੂਤ ਦੇ ਰਹੇ ਹਨ।