ਪੱਤਰ ਪ੍ਰੇਰਕ
ਲਹਿਰਾਗਾਗਾ, 10 ਜੂਨ
ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੱਸਾਂ ਦੇ ਮਾਮਲੇ ਵਿੱਚ ‘ਆਪ’ ਸਰਕਾਰ ਦੀ ਆਲੋਚਨਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਉਹ ਟਰਾਂਸਪੋਰਟ ਮੰਤਰੀ ਸਨ ਤਾਂ ਉਸ ਵੇਲੇ ਅਰਵਿੰਦ ਕੇਜਰੀਵਾਲ ਨੇ ਪੀਆਰਟੀਸੀ ਦੀਆਂ ਬੱਸਾਂ ਦਿੱਲੀ ਏਅਰਪੋਰਟ ਤੱਕ ਚਲਾਉਣ ਵਾਲੀ ਮੰਗ ਨੂੰ ਠੁਕਰਾ ਦਿੱਤਾ ਸੀ। ਪਰ ਅੱਜ ਉਹ ਬੱਸਾਂ ਚਲਾਉਣ ਲਈ ਰਾਜ਼ੀ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ ਸੌੜੀ ਸੋਚ ਤੋਂ ਉੱਪਰ ਉੱਠ ਕੇ ਇਹ ਮਨਜ਼ੂਰੀ ਪਹਿਲਾਂ ਦੇ ਦਿੰਦੇ ਤਾਂ ਪੰਜਾਬੀਆਂ ਦੀ ਹੋ ਰਹੀ ਲੁੱਟ ਪੰਜ ਸਾਲ ਪਹਿਲਾਂ ਹੀ ਰੁਕ ਜਾਂਦੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਗਲਾ ਚਿਹਰਾ ਸਾਹਮਣੇ ਆ ਗਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਦੇ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਲਈ ਦੁਕਾਨਾਂ ’ਤੇ ਜਾ ਕੇ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਸਾਬਕਾ ਮੰਤਰੀ ਪਰਗਟ ਸਿੰਘ ਤੇ ਕਾਂਗਰਸ ਦੇ ਸਕੱਤਰ ਸੋਮ ਨਾਥ ਸਿੰਗਲਾ ਆਦਿ ਹਾਜ਼ਰ ਸਨ। ਸ੍ਰੀ ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਮਨੀ ਚੋਣ ਵਿੱਚ ਲੋਕ ਹਰ ਹੀਲੇ ਕਾਂਗਰਸ ਨੂੰ ਜਿਤਾ ਕੇ ਵਿਧਾਨ ਸਭਾ ਚੋਣਾਂ ’ਚ ਕੀਤੀ ਗਲਤੀ ਸੁਧਾਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ’ਚ ਕੋਈ ਪਾਰਟੀਬਾਜ਼ੀ ਨਹੀਂ ਬਲਕਿ ਸਾਰੇ ਕਾਂਗਰਸੀ ਆਗੂ ਦਲਬੀਰ ਸਿੰਘ ਗੋਲਡੀ ਨੂੰ ਜਿਤਾਉਣ ਲਈ ਯਤਨਸ਼ੀਲ ਹਨ। ਇਸ ਦੌਰਾਨ ਕਾਂਗਰਸ ਵੱਲੋਂ ਲਹਿਰਗਾਗਾ ਵਿੱਚ ਚੋਣਾਂ ਲਈ ਆਪਣਾ ਦਫ਼ਤਰ ਵੀ ਖੋਲ੍ਹਿਆ ਗਿਆ।