ਮਹਿੰਦਰ ਸਿੰਘ ਰੱਤੀਆਂ
ਮੋਗਾ, 25 ਜੂਨ
ਕੇਂਦਰੀ ਉਦਯੋਗ ਅਤੇ ਵਣਜ ਰਾਜ ਮੰਤਰੀ ਸਾਬਕਾ ਆਈੲੈਐੱਸ ਸੋਮ ਪ੍ਰਕਾਸ਼ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਦੇ ਵਸਨੀਕ ਬਦਲਾਅ ਚਾਹੁੰਦੇ ਸਨ, ਪਰ ਜਿਸ ਬਦਲਾਅ ਦੀ ਉਮੀਦ ਵਿੱਚ ਉਨ੍ਹਾਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਂਦੀ ਹੈ, ਉਹ ਆਸ ਹੁਣ ਉਨ੍ਹਾਂ ਦੀ ਟੁੱਟਦੀ ਜਾ ਰਹੀ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਇੱਥੇ ਕਰੀਬ ਸਾਢੇ ਤਿੰਨ ਦਹਾਕੇ ਪਹਿਲਾਂ 25 ਜੂਨ 1989 ਨੂੰ ਹੋਏ ਅਤਿਵਾਦੀ ਹਮਲੇ ਵਿੱਚ ਸ਼ਹੀਦਾਂ ਲਈ ਕਰਵਾਏ ਸ਼ਰਧਾਂਜਲੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਸਨ। ਕੇਂਦਰੀ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਸਨਅਤ ਨੂੰ ਸੁਰਜੀਤ ਕਰਨ ਲਈ ਉਹ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੋਲ ਪੰਜਾਬ ਦੇ ਸਨਅਤੀ ਵਿਕਾਸ ਸਬੰਧੀ ਕਈ ਯੋਜਨਾਵਾਂ ਹਨ, ਪਰ ਇਨ੍ਹਾਂ ਯੋਜਨਾਵਾਂ ‘ਤੇ ਉਦੋਂ ਹੀ ਕੰਮ ਹੋ ਸਕਦਾ ਹੈ, ਜਦੋਂ ਸੂਬਾ ਸਰਕਾਰ ਕੋਈ ਪ੍ਰਸਤਾਵ ਭੇਜੇਗੀ। ਕੇਂਦਰੀ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਰੋਜ਼ਾਨਾ ਡਾਕੇ ਪੈ ਰਹੇ ਹਨ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧਣ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਨਿਵੇਸ਼ਕਾਂ ਨੂੰ ਸੂਬੇ ਵਿੱਚ ਨਿਵੇਸ਼ ਕਰਨ ਲਈ ਕਿਵੇਂ ਮਨਾਇਆ ਜਾ ਸਕਦਾ ਹੈ। ਇਸ ਮੌਕੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਗੋਲੀ ਕਾਂਡ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਆਖਿਆ ਕਿ ਅਤਿਵਾਦ ਨੂੰ ਖ਼ਤਮ ਕਰਨ ਵਿੱਚ ਪੁਲੀਸ ਨੇ ਸ਼ਲਾਘਾਯੋਗ ਭੂਮਿਕਾ ਨਿਭਾਈ ਹੈ।