ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 1 ਫਰਵਰੀ
ਕੇਂਦਰ ਸਰਕਾਰ ਵਲੋਂ ਅੱਜ ਪੇਸ਼ ਕੀਤੇ ਗਏ ਬਜਟ ਬਾਰੇ ਲੋਕਾਂ ਵੱਲੋਂ ਰਲਵਾਂ-ਮਿਲਵਾਂ ਹੁੰਗਾਰਾ ਦਿੱਤਾ ਗਿਆ ਹੈ। ਉੱਘੇ ਕਾਰੋਬਾਰੀ ਗੁਨਬੀਰ ਸਿੰਘ ਨੇ ਆਖਿਆ ਕਿ ਨਵੇਂ ਪ੍ਰਸਤਾਵਿਤ ਬਜਟ ਵਿਚ ਵਿੱਤੀ ਬੋਝ ਵਧਣ ਤੋਂ ਬਚਾਅ ਰਿਹਾ ਹੈ, ਜਿਸ ਨਾਲ ਸੁੱਖ ਦਾ ਸਾਹ ਆਇਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਦੱਸਿਆ ਗਿਆ ਹੈ ਕਿ ਲੋੜੀਂਦੇ ਫੰਡ ਨਿੱਜੀਕਰਨ ਰਾਹੀਂ ਅਤੇ ਮੁੜ ਨਿਵੇਸ਼ ਤੋਂ ਪ੍ਰਾਪਤ ਕੀਤੇ ਜਾਣਗੇ। ਟੈਕਸ ਸੁਧਾਰ ਕਰਦਿਆਂ 1.76 ਲੱਖ ਕਰੋੜ ਰੁਪਏ ਹੋਰਨਾਂ ਸਰੋਤਾਂ ਤੋਂ ਵਸੂਲ ਕੀਤੇ ਜਾਣਗੇ। ਉਨ੍ਹਾਂ ਸੀਨੀਅਰ ਨਾਗਰਿਕਾਂ ਨੂੰ ਟੈਕਸ ਦੇ ਘੇੇਰੇ ਤੋਂ ਬਾਹਰ ਰੱਖਣ ਦੇ ਫ਼ੈਸਲੇ ਨੂੰ ਵੀ ਸਵਾਗਤਯੋਗ ਦੱਸਿਆ।ਜ਼ਿਲ੍ਹਾ ਕਾਂਗਰਸ ਕਮੇਟੀ (ਸ਼ਹਿਰੀ) ਦੀ ਪ੍ਰਧਾਨ ਜਤਿੰਦਰ ਸੋਨੀਆ ਨੇ ਕਿਹਾ ਕਿ ਇਹ ਬਜਟ ਨਿੱਜੀਕਰਨ ਨੂੰ ਹੁਲਾਰਾ ਦੇਣ ਵਾਲਾ ਹੈ। ਬੈਂਕਿੰਗ ਟਰੇਡ ਯੂਨੀਅਨ ਦੇ ਕੌਮੀ ਸਕੱਤਰ ਅਵਿਨਾਸ਼ ਖੋਸਲਾ ਨੇ ਬਜਟ ਵਿਚ ਜਨਤਕ ਖੇਤਰ ਦੇ ਦੋ ਬੈਂਕਾਂ ਅਤੇ ਇਕ ਸਰਕਾਰੀ ਬੀਮਾ ਕੰਪਨੀ ਦਾ ਨਿੱਜੀਕਰਨ ਕੀਤੇ ਜਾਣ ਦੇ ਪ੍ਰਸਤਾਵ ਦੀ ਨਿੰਦਾ ਕੀਤੀ।