ਪੱਤਰ ਪ੍ਰੇਰਕ
ਜਗਰਾਉਂ, 2 ਅਗਸਤ
ਸਥਾਨਕ ਬੱਸ ਸਟੈਂਡ ਚੌਕੀ ਦੀ ਪੁਲੀਸ ਨੇ ਲੁਧਿਆਣਾ-ਮੋਗਾ ਮਾਰਗ ’ਤੇ ਸਥਿਤ ਮੋਗਾ ਢਾਬਾ ਕੋਲੋਂ ਸ਼ੱਕੀ ਨੌਜਵਾਨ ਨੂੰ ਤਿੰਨ ਰਾਈਫਲਾਂ ਤੇ ਕਾਰਤੂਸਾਂ ਸਣੇ ਹਿਰਾਸਤ ’ਚ ਲਿਆ ਹੈ। ਨੌਜਵਾਨ ਦੀ ਸ਼ਨਾਖ਼ਤ ਗੁਰਪਿਆਰ ਸਿੰਘ ਵਾਸੀ ਦਿੜ੍ਹਬਾ ਵਜੋਂ ਹੋਈ ਹੈ। ਏਐਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ ਹੇਠ ਪੁਲੀਸ ਪਾਰਟੀ ਗੁਰਦੁਆਰਾ ਨਾਨਕਸਰ ਤੋਂ ਸ਼ਹਿਰ ਨੂੰ ਆ ਰਹੇ ਰਸਤੇ ’ਤੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੋਗਾ ਢਾਬਾ ਕੋਲ ਨੌਜਵਾਨ ਰਾਈਫਲ ਫੜੀ ਖੜ੍ਹਾ ਦਿਖਾਈ ਦਿੱਤਾ। ਸ਼ੱਕ ਪੈਣ ’ਤੇ ਉਸ ਨੂੰ ਰਾਈਫਲ ਦੇ ਲਾਈਸੈਂਸ ਬਾਰੇ ਪੁੱਛਿਆ ਤਾਂ ਉਹ ਘਬਰਾ ਗਿਆ। ਗੱਡੀ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਦੋ ਰਾਈਫਲਾਂ ਹੋਰ ਮਿਲੀਆਂ। ਨੌਜਵਾਨ ਨੇ ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਜਾਰੀ ਕੀਤਾ ਹੋਇਆ ਇੱਕ ਲਾਈਸੈਂਸ ਦਿਖਾਇਆ। ਪੁਲੀਸ ਕੇਸ ਦਰਜ ਕਰਨ ਤੋਂ ਬਾਅਦ ਪੜਤਾਲ ਕਰ ਰਹੀ ਹੈ।