ਚੰਡੀਗੜ੍ਹ, 22 ਅਕਤੂਬਰ
ਪੰਜਾਬ ਸਰਕਾਰ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਆਪਣੀ ਪਾਕਿਸਤਾਨੀ ਮਹਿਲਾ ਪੱਤਰਕਾਰ ਆਰੂਸਾ ਆਲਮ ਨਾਲ ਰਿਸ਼ਤਿਆਂ ਤੇ ਅੱਗੋਂ ਉਸ ਮਹਿਲਾ ਪੱਤਰਕਾਰ ਦੀ ਆਈਐੱਸਆਈ ਨਾਲ ਨੇੜਤਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸੂਬਾ ਸਰਕਾਰ ਮਹਿਲਾ ਪੱਤਰਕਾਰ ਦੇ ਆਈਐੱਸਆਈ ਨਾਲ ਸਬੰਧਾਂ ਦੀ ਜਾਂਚ ਕਰੇਗੀ। ਰੰਧਾਵਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਕੈਪਟਨ ਅਮਰਿੰਦਰ ਸਿੰਘ ਹੁਣ ਇਹ ਗੱਲ ਆਖ ਰਹੇ ਹਨ ਕਿ ਆਈਐੱਸਆਈ ਤੋਂ ਖ਼ਤਰਾ ਹੈ। ਅਸੀਂ ਇਸ ਮਹਿਲਾ ਦੇ ਪਾਕਿ ਦੀ ਖੁਫੀਆ ਏਜੰਸੀ ਨਾਲ ਸਬੰਧਾਂ ਦੀ ਜਾਂਚ ਕਰਾਂਗੇ। ਕੈਪਟਨ ਪਿਛਲੇ ਚਾਰ ਪੰਜ ਸਾਲਾਂ ਤੋਂ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਆਉਣ ਦੇ ਮੁੱਦੇ ਨੂੰ ਉਭਾਰ ਰਹੇ ਹਨ। ਸੋ ਕੈਪਟਨ ਸਾਹਿਬ ਪਹਿਲਾਂ ਇਸ ਮੁੱਦੇ ਨੂੰ ਉਭਾਰੋ ਤੇ ਮਗਰੋਂ ਪੰਜਾਬ ਵਿੱਚ ਬੀਐੱਸਐੱਫ ਦੀ ਤਾਇਨਾਤੀ ਦੀ ਗੱਲ ਕਰਨਾ। ਇਹ ਕੋਈ ਵੱਡੀ ਸਾਜ਼ਿਸ਼ ਲਗਦੀ ਹੈ, ਜਿਸ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ।’’ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਮੰਤਰਾਲਾ ਵੀ ਹੈ, ਨੇ ਕਿਹਾ ਕਿ ਉਹ ਇਨ੍ਹਾਂ ਦੋਸ਼ਾਂ ਦੀ ਜਾਂਚ ਲਈ ਪੰਜਾਬ ਪੁਲੀਸ ਦੇ ਮੁਖੀ ਨੂੰ ਆਖਣਗੇ। ਉਧਰ ਸਰਕਾਰ ਵੱਲੋਂ ਆਪਣੇ ਹੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਖਿਲਾਫ਼ ਜਾਂਚ ਦੇ ਹੁਕਮ ਦੇਣ ਨੂੰ ਅਮਰਿੰਦਰ ਸਿੰਘ ਲਈ ਵੱਡੀ ਨਮੋਸ਼ੀ ਵਜੋਂ ਵੇਖਿਆ ਜਾ ਰਿਹਾ ਹੈ।
ਚੇਤੇ ਰਹੇ ਕਿ ਸਾਬਕਾ ਮੁੱਖ ਮੰਤਰੀ ਨੇ ਪਿਛਲੇ ਦਿਨੀਂ ਐਲਾਨ ਕੀਤਾ ਸੀ ਕਿ ਉਹ ਜਲਦੀ ਹੀ ਆਪਣੀ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰਦਿਆਂ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸੀਟਾਂ ਦੀ ਵੰਡ ਲਈ ਭਾਜਪਾ ਤੇ ਅਕਾਲੀ ਦਲ ਨਾਲੋਂ ਵੱਖ ਹੋਏ ਧੜਿਆਂ ਨਾਲ ਹੱਥ ਮਿਲਾਉਣਗੇ। ਅਮਰਿੰਦਰ ਨੇ ਕਿਹਾ ਕਿ ਸੀ ਕਿ ਜੇਕਰ ਕਿਸਾਨ ਮੰਗਾਂ ਦਾ ਉਨ੍ਹਾਂ ਦੇ ਹਿੱਤਾਂ ਮੁਤਾਬਕ ਨਬਿੇੜਾ ਹੋ ਜਾਂਦਾ ਹੈ ਤਾਂ ਉਹ ਭਾਜਪਾ ਨਾਲ ਹੱਥ ਮਿਲਾ ਸਕਦੇ ਹਨ। -ਆਈਏਐੱਨਐੱਸ
ਸਾਬਕਾ ਕੈਬਨਿਟ ਕੁਲੀਗ ਹੁਣ ਨਿੱਜੀ ਹਮਲਿਆਂ ’ਤੇ ਉਤਰੇ: ਕੈਪਟਨ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਨ੍ਹਾਂ ਦੇ ਸਾਬਕਾ ਵਜ਼ਾਰਤੀ ਸਾਥੀ ਹੁਣ ਨਿੱਜੀ ਹਮਲਿਆਂ ’ਤੇ ਉਤਰ ਆਏ ਹਨ। ਕੈਪਟਨ ਨੇ ਇਕ ਟਵੀਟ ਵਿੱਚ ਕਿਹਾ, ‘‘ਮੈਨੂੰ ਤਾਂ ਇਹ ਫ਼ਿਕਰ ਸਤਾਉਂਦਾ ਹੈ ਕਿ ਹੁਣ ਜਦੋਂ ਤਿਉਹਾਰਾਂ ਦਾ ਸਮਾਂ ਹੈ ਤੇ ਦਹਿਸ਼ਤੀ ਖ਼ਤਰੇ ਦੀ ਸੰਭਾਵਨਾ ਸਿਖਰ ’ਤੇ ਹੈ ਤਾਂ ਅਜਿਹੇ ਮੌਕੇ ਡੀਜੀਪੀ ਪੰਜਾਬ ਨੂੰ ਸੂਬੇ ਦੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਬੇਬੁਨਿਆਦ ਜਾਂਚ ਦੇ ਕੰਮ ਲਾਇਆ ਜਾ ਰਿਹੈ। ਤੁਸੀਂ ਮੇਰੀ ਵਜ਼ਾਰਤ ਵਿੱਚ ਮੰਤਰੀ ਰਹੇ, ਪਰ ਉਦੋਂ ਤੁਸੀਂ ਕਦੇ ਵੀ ਅਰੂਸਾ ਆਲਮ ਦੀ ਸ਼ਿਕਾਇਤ ਨਹੀਂ ਕੀਤੀ। ਉਹ ਪਿਛਲੇ 16 ਸਾਲਾਂ ਤੋਂ ਭਾਰਤ ਸਰਕਾਰ ਦੀ ਲੋੜੀਂਦੀ ਪ੍ਰਵਾਨਗੀ ਨਾਲ ਆ ਰਹੀ ਹੈ। ਜਾਂ ਫਿਰ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਐੱਨਡੀਏ ਤੇ ਕਾਂਗਰਸ ਦੀ ਅਗਵਾਈ ਵਾਲੇ ਯੂਪੀਏ ਗੱਠਜੋੜ ਦੀ ਇਸ ਅਰਸੇ ਦੌਰਾਨ ਪਾਕਿਸਤਾਨ ਦੀ ਆਈਐੱਸਆਈ ਨਾਲ ਅੰਦਰਖਾਤੇ ਮਿਲੀਭੁਗਤ ਸੀ।’’ ਆਪਣੇ ਮੀਡੀਆ ਸਲਾਹਕਾਰ ਵੱਲੋਂ ਕੀਤੇ ਲੜੀਵਾਰ ਟਵੀਟ ਵਿੱਚ ਕੈਪਟਨ ਨੇ ਕਿਹਾ, ‘‘ਹੁਣ ਤੁਸੀਂ ਨਿੱਜੀ ਹਮਲਿਆਂ ’ਤੇ ਉਤਰ ਆਏ ਹੋ। ਤੁਹਾਡੇ ਕੋਲ ਇਕ ਮਹੀਨੇ ਬਾਅਦ ਲੋਕਾਂ ਨੂੰ ਵਿਖਾਉਣ ਲਈ ਇਹੀ ਕੁਝ ਹੈ। ਬਰਗਾੜੀ ਤੇ ਨਸ਼ਾ ਕੇਸਾਂ ਵਿੱਚ ਤੁਹਾਡੇ ਲੰਮੇ ਚੌੜੇ ਵਾਅਦਿਆਂ ਦਾ ਕੀ ਬਣਿਆ? ਪੰਜਾਬ ਨੂੰ ਅਜੇ ਵੀ ਤੁਹਾਡੇ ਵਾਅਦਿਆਂ ’ਤੇ ਕਾਰਵਾਈ ਦੀ ਉਡੀਕ ਹੈ।’