ਜਗਮੋਹਨ ਸਿੰਘ
ਘਨੌਲੀ, 2 ਜੂਨ
ਗੁਰੂ ਗੋਬਿੰਦ ਸੁਪਰ ਥਰਮਲ ਪਲਾਂਟ ਰੂਪਨਗਰ ਦਾ ਪੈਟਰੋਲ ਪੰਪ ਪਿਛਲੇ 15 ਦਿਨਾਂ ਤੋਂ ਬੰਦ ਹੋ ਜਾਣ ਕਾਰਨ ਲੋਕਾਂ ਨੂੰ ਪਟਰੋਲ ਲੈਣ ਲਈ ਇੱਧਰ ਉੱਧਰ ਭਟਕਣਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੂਪਨਗਰ ਦੇ ਮੇਨ ਗੇਟ ਨੇੜੇ ਲੱਗੇ ਪੈਟਰੋਲ ਪੰਪ ਦਾ ਲਾਇਸੈਂਸ ਏਈ ਐੱਸਡੀਓ ਸਟੋਰ ਦੇ ਨਾਂ ’ਤੇ ਹੈ ਅਤੇ ਸ਼ੁਰੂ ਵਿੱਚ ਇਸ ਪੈਟਰੋਲ ਪੰਪ ਨੂੰ ਥਰਮਲ ਪ੍ਰਸ਼ਾਸਨ ਦੁਆਰਾ ਚਲਾਇਆ ਜਾਂਦਾ ਸੀ, ਪਰ ਕੁਝ ਦੇਰ ਬਾਅਦ ਇਸ ਪੈਟਰੋਲ ਪੰਪ ਦਾ ਪ੍ਰਬੰਧ ਗੈਸ ਏਜੰਸੀ ਚਲਾਉਣ ਵਾਲੀ ਸਹਿਕਾਰੀ ਸਭਾ ਆਰਟੀਪੀ ਕੋਆਪਰੇਟਿਵ ਸਭਾ ਨੂੰ ਦੇ ਦਿੱਤਾ ਗਿਆ ਸੀ। ਪਿਛਲੇ 15 ਦਿਨਾਂ ਤੋਂ ਉਕਤ ਪੈਟਰੋਲ ਪੰਪ ਬੰਦ ਕਰ ਕੇ ਦਫ਼ਤਰ ਦੇ ਕਮਰਿਆਂ ਨੂੰ ਜੰਦਰੇ ਲਗਾ ਦਿੱਤੇ ਗਏ ਹਨ। ਇਸ ਸਬੰਧੀ ਸਭਾ ਦੇ ਮੈਨੇਜਰ ਰਣਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਫੈਸਲੇ ਉਪਰੰਤ ਸਰਕਾਰੀ ਪੈਟਰੋਲ ਪੰਪਾਂ ਨੂੰ ਤੇਲ ਕੰਪਨੀਆਂ ਵੱਲੋਂ ਆਮ ਡੀਲਰਾਂ ਨਾਲੋਂ 5 ਰੁਪਏ ਪ੍ਰਤੀ ਲਿਟਰ ਮਹਿੰਗਾ ਤੇਲ ਦਿੱਤਾ ਜਾਂਦਾ ਹੈ ਤੇ ਗਾਹਕ ਵਾਧੂ ਪੈਸੇ ਅਦਾ ਕਰਨ ਲਈ ਰਾਜ਼ੀ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਖਰੀਦੀਆਂ ਦੋ ਗੱਡੀਆਂ ਵਿੱਚ 1 ਲੱਖ 20 ਹਜ਼ਾਰ ਦਾ ਘਾਟਾ ਪੈਣ ਉਪਰੰਤ ਪੈਟਰੋਲ ਪੰਪ ਨੂੰ ਬੰਦ ਕਰ ਦਿੱਤਾ ਗਿਆ ਹੈ।