ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਮਈ
ਮੌਡਰਨਾ ਤੋਂ ਬਾਅਦ ਇਕ ਹੋਰ ਕੋਵਿਡ ਟੀਕਾ ਨਿਰਮਾਤਾ ਕੰਪਨੀ ਫਾਈਜ਼ਰ ਨੇ ਵੀ ਪੰਜਾਬ ਨੂੰ ਸਿੱਧੇ ਤੌਰ ’ਤੇ ਟੀਕੇ ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬਾ ਸਰਕਾਰ ਵੱਲੋਂ ਪਹੁੰਚ ਕਰਨ ਤੋਂ ਬਾਅਦ ‘ਫਾਈਜ਼ਰ’ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਨੀਤੀ ਅਨੁਸਾਰ ਉਹ ਸਿਰਫ ਭਾਰਤ ਸਰਕਾਰ ਨਾਲ ਹੀ ਸਮਝੌਤਾ ਕਰ ਸਕਦੇ ਹਨ। ਟੀਕਾਕਰਨ ਲਈ ਸਟੇਟ ਨੋਡਲ ਅਫਸਰ ਵਿਕਾਸ ਗਰਗ ਨੇ ਦੱਸਿਆ ਕਿ ਫਾਈਜ਼ਰ ਨੇ ਆਪਣੇ ਜਵਾਬ ’ਚ ਕਿਹਾ, ‘‘ਫਾਈਜ਼ਰ ਕੌਮੀ ਟੀਕਾਕਰਨ ਪ੍ਰੋਗਰਾਮ ਲਈ ਆਪਣਾ ਕੋਵਿਡ-19 ਟੀਕਾ ਸਪਲਾਈ ਕਰਨ ਲਈ ਵਿਸ਼ਵ ਭਰ ਦੀਆਂ ਫੈੱਡਰਲ ਸਰਕਾਰਾਂ ਨਾਲ ਕੰਮ ਕਰ ਰਹੀ ਹੈ। ਇਸ ਸਮੇਂ ਸਾਡੇ ਸਪਲਾਈ ਸਮਝੌਤੇ ਕੌਮੀ ਸਰਕਾਰਾਂ ਅਤੇ ਕੌਮੀ ਸੰਗਠਨਾਂ ਨਾਲ ਹਨ ਜੋ ਖੁਰਾਕਾਂ ਦੀ ਵੰਡ ਤੇ ਦੇਸ਼ ਅੰਦਰ ਲਾਗੂ ਕਰਨ ਸਬੰਧੀ ਫੈਸਲੇ ਢੁੱਕਵੀਂ ਸਿਹਤ ਅਥਾਰਿਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਆਧਾਰ ’ਤੇ ਲੈਂਦੀਆਂ ਹਨ। ਇਹ ਪਹੁੰਚ ਫਾਈਜ਼ਰ ਨੇ ਪੂਰੀ ਦੁਨੀਆ ’ਚ ਅਪਣਾਈ ਹੈ।’’ ਸ੍ਰੀ ਗਰਗ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਸਾਰੇ ਟੀਕਾ ਨਿਰਮਾਤਾਵਾਂ ਨੂੰ ਵੱਖ ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਪਹੁੰਚ ਕੀਤੀ ਗਈ ਸੀ ਜਿਨ੍ਹਾਂ ਵਿੱਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਅਤੇ ਜੌਹਨਸਨ ਐਂਡ ਜੌਹਨਸਨ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਜੇ ਵੀ ਸਪੂਤਨਿਕ ਵੀ ਅਤੇ ਜੌਹਨਸਨ ਐਂਡ ਜੌਹਨਸਨ ਤੋਂ ਹਾਂ-ਪੱਖੀ ਜਵਾਬ ਦੀ ਉਮੀਦ ਕਰ ਰਹੀ ਹੈ।