ਜਸਬੀਰ ਸਿੰਘ ਚਾਨਾ
ਫਗਵਾੜ, 22 ਦਸੰਬਰ
ਪਿੰਡ ਨਾਰੰਗਸ਼ਾਹਪੁਰ ਦੀ ਕਲੋਨੀ ’ਚ ਠੱਗੀ ਦੇ ਕੇਸ ’ਚ ਮੁਲਜ਼ਮਾਂ ਨੂੰ ਕਾਬੂ ਕਰਨ ਗਈ ਪੁਲੀਸ ਨੂੰ ਮੁਲਜ਼ਮਾਂ ਦੇ ਪਰਿਵਾਰਾਂ ਨੇ ਘੇਰ ਲਿਆ ਤੇ ਥਾਣੇਦਾਰ ਨੂੰ ਘਰ ’ਚ ਬੰਦੀ ਬਣਾ ਕੇ ਕੁੱਟਿਆ ਤੇ ਬਾਕੀ ਟੀਮ ’ਤੇ ਰੋੜੇ ਮਾਰੇ| ਐੱਸਪੀ, ਡੀਐੱਸਪੀ ਤੇ ਐੱਸਐੱਚਓ ਨੇ ਪੁੱਜ ਕੇ ਕਰਮਚਾਰੀਆਂ ਨੂੰ ਛੁਡਾਇਆ| ਸਤਨਾਮਪੁਰਾ ਥਾਣੇ ਦੀ ਐੱਸਐੱਚਓ ਊਸ਼ਾ ਰਾਣੀ ਨੇ ਦੱਸਿਆ ਕਿ ਸਾਲ 2017 ਵਿਚ ਦਲਵੀਰ ਚੰਦ ਤੇ ਉਨ੍ਹਾਂ ਦੇ ਸਾਥੀਆਂ ’ਤੇ ਕੋਠੀ ਦੇ ਮਾਮਲੇ ਵਿੱਚ ਠੱਗੀ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ ਪਰ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਵਿੱਚ ਨਹੀਂ ਆ ਰਹੇ ਸਨ। ਇਸ ਦੀ ਸੂਚਨਾ ਮਿਲੀ ਕਿ ਮੁਲਜ਼ਮ ਨਾਰੰਗ ਸ਼ਾਹਪੁਰ ਪਿੰਡ ਲਾਗੇ ਬਣੀ ਪ੍ਰਦੀਪ ਇਨਕਲੇਵ ਕਲੋਨੀ ਵਿਚ ਠਹਿਰੇ ਹੋਏ ਹਨ| ਜਦੋਂ ਥਾਣੇਦਾਰ ਪਰਮਿੰਦਰ ਸਿੰਘ ਭੱਟੀ ਨੇ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ ਤਾਂ ਮੁਲਜ਼ਮ ਉਸ ਨੂੰ ਖਿੱਚ ਕੇ ਅੰਦਰ ਲੈ ਗਏ ਜਿੱਥੇ ਉਸ ਦੇ ਗਲ ਵਿਚ ਰੱਸਾ ਪਾ ਕੇ ਕੁੱਟਣ ਦੀ ਕੋਸ਼ਿਸ਼ ਕੀਤੀ ਅਤੇ ਬਾਹਰ ਖੜ੍ਹੀ ਟੀਮ ਦੇ ਪੱਥਰ ਮਾਰ ਕੇ ਉਨ੍ਹਾਂ ਨੂੰ ਭਜਾ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਐੱਸਪੀ ਮਨਮਿੰਦਰ ਸਿੰਘ, ਡੀਐੱਸਪੀ ਪਰਮਜੀਤ ਸਿੰਘ ਅਤੇ ਐੱਸਐੱਚਓ ਊਸ਼ਾ ਰਾਣੀ ਮੌਕੇ ਤੇ ਪੁੱਜੀ ਤਾਂ ਉੁਨ੍ਹਾਂ ਥਾਣੇਦਾਰ ਨੂੰ ਛੁਡਵਾਇਆ ਅਤੇ ਸੱਟਾਂ ਦੀ ਜਾਂਚ ਲਈ ਉਸ ਨੂੰ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ| ਪੁਲੀਸ ਨੇ ਇਸ ਸਬੰਧ ਵਿਚ 8 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਗ੍ਰਿਫ਼ਤਾਰਹ ਕੀਤੇ ਵਿਅਕਤੀਆਂ ਵਿੱਚ ਜੋਗਿੰਦਰਪਾਲ, ਉਸ ਦੀ ਪਤਨੀ ਸੁਨੀਤਾ, ਲੜਕਾ ਅਰੁਣ, ਦਲਵੀਰ ਚੰਦ, ਮਨਪ੍ਰੀਤ, ਅਮਰਜੋਤ, ਆਰਤੀ, ਸੰਦੀਪ ਕੌਰ ਸ਼ਾਮਲ ਹਨ|