ਖੇਤਰੀ ਪ੍ਰਤੀਨਿਧ
ਪਟਿਆਲਾ, 24 ਜੁਲਾਈ
ਕੰਟਰੈਕਟ ਆਧਾਰ ’ਤੇ ਚੌਦਾਂ ਸਾਲਾਂ ਤੋਂ ਕਾਰਜਸ਼ੀਲ ਪੰਜਾਬ ਭਰ ਦੇ 12 ਸੌ ਦੇ ਕਰੀਬ ਰੂਰਲ ਫਾਰਮਾਸਿਸਟਾਂ ਅਤੇ ਇੰਨੇ ਹੀ ਦਰਜਾ ਚਾਰ ਮੁਲਾਜ਼ਮਾਂ ਵੱਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਕਰੋਨਾ ਸਬੰਧੀ ਐਮਰਜੈਂਸੀ ਡਿਊਟੀਆਂ ਦਾ ਬਾਈਕਾਟ ਕਰ ਕੇ ਵਿੱਢੀ ਸੂਬਾਈ ਹੜਤਾਲ ਅਤੇ ਧਰਨੇ ਅੱਜ 35ਵੇਂ ਦਿਨ ਵੀ ਜਾਰੀ ਰਹੇ। ਹੜਤਾਲੀ ਮੁਲਾਜ਼ਮਾਂ ਦੀ ਤਿੰਨ ਦਿਨਾਂ ਤੋਂ ਲੜੀਵਾਰ ਭੁੱਖ ਹੜਤਾਲ ਵੀ ਜਾਰੀ ਹੈ। ਦੂਜੇ ਪਾਸੇ ਜਥੇਬੰਦੀ ਨੇ ਜਲਦੀ ਹੀ ਪੰਚਾਇਤ ਮੰਤਰੀ ਦੇ ਹਲਕੇ ਕਾਦੀਆਂ ’ਚ ਪਹੁੰਚ ਕੇ ਗ੍ਰਿਫ਼ਤਾਰੀਆਂ ਦੇਣ ਦਾ ਮੁੜ ਐਲਾਨ ਕੀਤਾ ਹੈ। ਪਹਿਲਾਂ ਇਹ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਸੀ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਪਟਿਆਲਾ ਵਿੱਚ ਲੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਤੇ ਮੀਤ ਪ੍ਰਧਾਨ ਸਵਰਤ ਸ਼ਰਮਾ ਕਿਹਾ ਕਿ ‘ਜੇਲ੍ਹ ਭਰੋ ਅੰਦੋਲਨ’ ਦਾ ਉਲੀਕਿਆ ਪ੍ਰੋਗਰਾਮ ਛੇਤੀ ਹੀ ਅਮਲ ’ਚ ਲਿਆਂਦਾ ਜਾਵੇਗਾ।