ਸਰਬਜੀਤ ਸਿੰਘ ਭੰਗੂ
ਪਟਿਆਲਾ, 4 ਜੁਲਾਈ
ਕਰੀਬ ਡੇਢ ਦਹਾਕੇ ਤੋਂ ਕੰਟਰੈਕਟ ਦੇ ਆਧਾਰ ’ਤੇ ਕੰਮ ਕਰ ਰਹੇ ਪੰਜਾਬ ਦੇ 1200 ਦੇ ਕਰੀਬ ਰੂਰਲ ਫਾਰਮਾਸਿਸਟਾਂ ਅਤੇ ਚੌਥਾ ਦਰਜਾ ਮੁਲਾਜ਼ਮਾਂ ਨੇ ਕਰੋਨਾ ਦੌਰਾਨ ਐਮਰਜੈਂਸੀ ਡਿਊਟੀਆਂ ਦਾ ਬਾਈਕਾਟ ਅੱਜ 15ਵੇਂ ਦਿਨ ਵੀ ਜਾਰੀ ਰੱਖਿਆ। ਇਸ ਦੌਰਾਨ ਹੜਤਾਲੀ ਮੁਲਾਜ਼ਮਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਵੱਲ ਰੋਸ ਮਾਰਚ ਕੀਤਾ ਪਰ ਉਥੇ ਪਹਿਲਾਂ ਤੋਂ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਇਸ ਕਾਫਲੇ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਪਹਿਲਾਂ ਹੀ ਪੋਲੋ ਗਰਾਊਂਡ ਨੇੜੇ ਰੋਕ ਲਿਆ। ਇਸ ਮਗਰੋਂ ਮੁਲਾਜ਼ਮਾਂ ਨੇ ਉਥੇ ਹੀ ਧਰਨਾ ਲਾ ਦਿੱਤਾ।
ਰੂਰਲ ਫਾਰਮਾਸਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ ਸੌਜਾ ਦੀ ਅਗਵਾਈ ਹੇਠ ਲਾਏ ਗਏ ਇਸ ਧਰਨੇ ਦੌਰਾਨ ਜਥੇਬੰਦੀ ਦੇ ਸੂਬਾਈ ਪ੍ਰਧਾਨ ਜੋਤ ਰਾਮ ਮਦਨੀਪੁਰ ਅਤੇ ਮੁੱਖ ਬੁਲਾਰੇ ਸਵਰਤ ਸ਼ਰਮਾ ਸਮੇਤ ਕਈ ਹੋਰ ਪ੍ਰਮੁੱਖ ਆਗੂਆਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਆਖਿਆ ਕਿ 2006 ਵਿਚ ਉਨ੍ਹਾਂ ਦੀ ਭਰਤੀ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ ਹੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਿਆਂ ਪਾਰਦਰਸ਼ੀ ਢੰਗ ਨਾਲ ਹੋਈ ਸੀ। ਪਰ ਉਦੋਂ ਤੋਂ ਹੀ ਉਨ੍ਹਾਂ ਤੋਂ ਸਿਰਫ਼ 10 ਹਜ਼ਾਰ ਰੁਪਏ ਤਨਖਾਹ ’ਤੇ ਕੰਮ ਕਰਵਾ ਕੇ ਸਰਕਾਰ ਸ਼ੋਸ਼ਣ ਕਰਦੀ ਆ ਰਹੀ ਹੈ। ਇਨ੍ਹੀਂ ਦਿਨੀਂ ਤਾਂ ਕਰੋਨਾ ਮਹਾਮਾਰੀ ਦੌਰਾਨ ਉਹ ਫਰੰਟ ਲਾਈਨ ’ਤੇ ਰਹਿ ਕੇ ਡਿਊਟੀਆਂ ਨਿਭਾਉਂਦਿਆਂ ਜਾਨ ਵੀ ਜੋਖਮ ਵਿਚ ਪਾ ਰਹੇ ਹਨ। ਬਾਵਜੂਦ ਇਸ ਦੇ ਸਰਕਾਰ ਉਨ੍ਹਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਰਿੰਦਰ ਸਿੰਘ, ਬੱਗਾ ਸਿੰਘ, ਹਰਬੰਸ ਚੀਮਾ, ਬਲਵਿੰਦਰ ਸ਼ਰਮਾ, ਨਵੀ ਸਿੰਘ, ਗੁਰਪ੍ਰੀਤ ਸਿੰਘ, ਪ੍ਰਿੰਸ ਸੰਗਰੂਰ, ਕਮਲ ਅਵਸਤੀ, ਬਲਕਾਰ ਸਿੰਘ, ਗੁਰਵਿੰਦਰ ਸਿੰਘ, ਸੰਦੀਪ ਸਿੰਘ ਸਣੇ ਹੋਰਾਂ ਨੇ ਸ਼ਿਰਕਤ ਕੀਤੀ।
7 ਨੂੰ ਵਿਕਾਸ ਭਵਨ ਘੇਰਨ ਦੀ ਚਿਤਾਵਨੀ
ਧਰਨੇ ਦੌਰਾਨ ਸਥਾਨਕ ਅਧਿਕਾਰੀਆਂ ਵੱਲੋਂ ਯੂਨੀਅਨ ਆਗੂਆਂ ਦੀ ਸੋਮਵਾਰ ਨੂੰ ਪੰਚਾਇਤ ਮੰਤਰੀ ਨਾਲ ਮੀਟਿੰਗ ਮੁਕੱਰਰ ਕਰਵਾਈ ਗਈ, ਜਿਸ ਮਗਰੋਂ ਧਰਨਾ ਚੁੱਕ ਦਿੱਤਾ ਗਿਆ। ਇਸ ਦੇ ਨਾਲ ਹੀ ਮੁੱਖ ਬੁਲਾਰੇ ਸਵਰਤ ਸ਼ਰਮਾ ਨੇ ਦੱਸਿਆ ਕਿ ਜੇ ਦੋ ਦਿਨਾਂ ਵਿਚ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ 7 ਜੁਲਾਈ ਨੂੰ ਮੁਹਾਲੀ ਦੇ ਵਿਕਾਸ ਭਵਨ ਵਿਚ ਸਥਿਤ ਪੰਚਾਇਤ ਵਿਭਾਗ ਦੇ ਮੁੱਖ ਦਫ਼ਤਰ ਦਾ ਘਿਰਾਓ ਕਰਨਗੇ।