ਸਰਬਜੀਤ ਗਿੱਲ
ਫਿਲੌਰ, 29 ਦਸੰਬਰ
ਵਿਧਾਨ ਸਭਾ ਹਲਕਾ ਫਿਲੌਰ ਮਹਾਰਾਜਾ ਰਣਜੀਤ ਸਿੰਘ ਪੰਜਾਬ ਪੁਲੀਸ ਅਕੈਡਮੀ ਲਈ ਮਸ਼ਹੂਰ ਹੈ। ਆਰਤੀ ‘ਓਮ ਜੈ ਜਗਦੀਸ਼ ਹਰੇ’ ਦੇ ਰਚੇਤਾ ਪੰਡਤ ਸ਼ਰਧਾ ਰਾਮ ਫਿਲੌਰੀ ਵੀ ਇੱਥੋਂ ਦੇ ਹੀ ਸਨ। ਪੰਜਾਬ ਦੇ ਪੁਨਰਗਠਨ ਤੋਂ ਲੈ ਕੇ ਹੁਣ ਤਕ ਕਾਂਗਰਸ ਨੇ ਇਹ ਵਿਧਾਨ ਸਭਾ ਸੀਟ ਪੰਜ ਵਾਰ ਅਤੇ ਅਕਾਲੀ ਦਲ ਨੇ ਸੱਤ ਵਾਰ ਜਿੱਤੀ ਹੈ। ਗਿਣਤੀ ਪੱਖੋਂ ਬਸਪਾ ਸਾਰੇ ਹਲਕਿਆਂ ਤੋਂ ਵੱਧ ਵੋਟਾਂ ਇਸ ਹਲਕੇ ਤੋਂ ਹੀ ਪ੍ਰਾਪਤ ਕਰਦੀ ਹੈ ਪਰ ਜਿੱਤ ਕਦੇ ਵੀ ਨਸੀਬ ਨਹੀਂ ਹੋਈ। ਹਲਕੇ ਦੇ ਲੋਕਾਂ ਮੁਤਾਬਕ ਸਿਆਸੀ ਆਗੂਆਂ ਦੇ ਵਾਅਦੇ ਤੇ ਦਾਅਵੇ ਸਿਰਫ ਗਲੀਆਂ-ਨਾਲੀਆਂ ਦੇ ਉਦਘਾਟਨਾਂ ਤਕ ਹੀ ਸੀਮਤ ਰਹਿ ਗਏ ਹਨ। ਬੇਰੁਜ਼ਗਾਰੀ, ਨਸ਼ੇ, ਸਿਹਤ ਸਹੂਲਤਾਂ, ਇੱਕ-ਇੱਕ ਅਧਿਆਪਕ ਨਾਲ ਚੱਲਣ ਵਾਲੇ ਪ੍ਰਾਇਮਰੀ ਸਕੂਲ, ਮਾਈਨਿੰਗ, ਦਰਿਆ ਦੇ ਪਾਣੀ ਅਤੇ ਹੜ੍ਹਾਂ ਆਦਿ ਵਰਗੇ ਵੱਡੇ ਮੁੱਦਿਆਂ ਵੱਲ ਕਿਸੇ ਦਾ ਧਿਆਨ ਨਹੀਂ ਹੈ। ਕਿਸੇ ਵੀ ਆਗੂ ਨੇ ਇੱਥੋਂ ਦੀਆਂ ਵੱਡੀਆਂ ਸਮੱਸਿਆਵਾਂ ’ਚੋਂ ਇੱਕ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਦਾ ਕੋਈ ਫਿਕਰ ਨਹੀਂ ਕੀਤਾ। ਲੰਘੇ ਸਾਲਾਂ ਦੌਰਾਨ ਆਏ ਹੜ੍ਹਾਂ ਕਾਰਨ ਟੁੱਟੇ ਜਾਂ ਕਮਜ਼ੋਰ ਹੋਏ ਬੰਨ੍ਹਾਂ ਦੀ 14 ਥਾਵਾਂ ਦੀ ਨਿਸ਼ਾਨਦੇਹੀ ਕੀਤੀ ਗਈ ਸੀ ਪਰ ਫੰਡ ਸਿਰਫ ਚਾਰ ਥਾਵਾਂ ਲਈ ਆਏ ਸਨ। ਬਹੁਤ ਸਾਰੇ ਥਾਵਾਂ ’ਤੇ ਸਮਾਜਸੇਵੀ ਤੇ ਧਾਰਮਿਕ ਸੰਸਥਾਵਾਂ ਖਾਸ ਕਰਕੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਬੰਨ੍ਹ ਮਜ਼ਬੂਤ ਕੀਤੇ ਗਏ। ਫਿਲੌਰ ਦੇ ਸੀਵਰੇਜ ਦੇ ਪਾਣੀ ਦਾ ਵੱਡਾ ਹਿੱਸਾ ਹਾਲੇ ਵੀ ਸਿੱਧਾ ਸਤਲੁਜ ਦਰਿਆ ’ਚ ਜਾ ਰਿਹਾ ਹੈ। ਟਰੀਟਮੈਂਟ ਪਲਾਂਟ ਦਾ ਪਾਣੀ ਵੀ ਦਰਿਆ ’ਚ ਹੀ ਪਾਇਆ ਜਾ ਰਿਹਾ ਹੈ। ਕਰੋਨਾ ਦੌਰਾਨ ਹਲਕੇ ਦੇ ਕਿਸੇ ਵੀ ਸਰਕਾਰੀ ਜਾਂ ਨਿੱਜੀ ਹਸਪਤਾਲ ’ਚ ਇਕ ਵੀ ਕੋਵਿਡ ਬੈੱਡ ਨਹੀਂ ਬਣਾਇਆ ਗਿਆ। ਮਰੀਜ਼ ਜਲੰਧਰ-ਲੁਧਿਆਣੇ ਆਸਰੇ ਹੀ ਰਹੇ।
ਮੌਜੂਦਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਜਦੋਂ ਉਹ ਹਲਕਾ ਇੰਚਾਰਜ ਸਨ ਤਾਂ ਉਸ ਵੇਲੇ ਦੇ ਸੰਗਤ ਦਰਸ਼ਨਾਂ ਦੌਰਾਨ ਪ੍ਰਾਪਤ ਕੀਤੇ ਫੰਡ ਉਨ੍ਹਾਂ ਇਸ ਵਾਰ ਲਗਵਾਏ। ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦੇ ਖਾਤੇ ’ਚੋਂ ਸਥਾਨਕ ਸਿਵਲ ਹਸਪਤਾਲ ਲਈ ਐਂਬੂਲੈਂਸ ਤੇ ਹੋਰ ਸਾਮਾਨ ਲੈ ਕੇ ਦਿੱਤਾ ਅਤੇ ਇੱਕ ਕਰੋੜ ਰੁਪਏ ਵਿਕਾਸ ਕਾਰਜਾਂ ਲਈ ਪਿੰਡਾਂ ਨੂੰ ਲੈ ਕੇ ਦਿੱਤੇ। ਉਨ੍ਹਾਂ ਕਿਹਾ ਕਿ ਗੁਰਾਇਆ ਵਿੱਚ ਪਹਿਲਾਂ ਹੀ 80 ਫੀਸਦੀ ਪੂਰੇ ਹੋ ਚੁੱਕੇ ਸੀਵਰੇਜ ਦੇ ਕੰਮ ਨੂੰ ਮੌਜੂਦਾ ਸਰਕਾਰ ਨੇ ਹਾਲੇ ਤਕ ਪੂਰਾ ਨਹੀਂ ਕਰਵਾਇਆ। ਉਨ੍ਹਾਂ ਇਲਾਕੇ ’ਚ ਚੱਲਦੇ ਜੂਏ ਦੇ ਅੱਡੇ ਬੰਦ ਕਰਵਾਉਣ, ਸ਼ਹਿਰਾਂ ਦੀ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਤੇ ਰੇਲਵੇ ਲਾਈਨ ਕਰਕੇ ਆ ਰਹੀ ਸਮੱਸਿਆ ਦਾ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਪਿਛਲੀ ਵਾਰ ਕਾਂਗਰਸ ਵੱਲੋਂ ਚੋਣ ਲੜ ਚੁੱਕੇ ਵਿਕਰਮਜੀਤ ਸਿੰਘ ਚੌਧਰੀ ਪਾਰਟੀ ਦੇ ਹਲਕਾ ਇੰਚਾਰਜ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਸਾਰੇ ਮਸਲੇ ਹੱਲ ਕਰ ਦਿੱਤੇ ਗਏ ਹਨ। ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਉਨ੍ਹਾਂ ਕੋਈ ਕੰਮ ਨਹੀਂ ਛੱਡਿਆ। ‘ਆਪ’ ਦੇ ਉਮੀਦਵਾਰ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਕਿਹਾ ਕਿ ਜਿੱਧਰ ਵੀ ਝਾਤੀ ਮਾਰੋ ਲੋਕ ਮੁਸ਼ਕਲਾਂ ’ਚ ਘਿਰੇ ਹੋਏ ਹਨ। ਹਲਕੇ ’ਚ ਵਿਕਾਸ ਕਾਰਜਾਂ ਦੀ ਘਾਟ ਹੈ। ਵੱਡੀਆਂ ਸਮੱਸਿਆਵਾਂ ਹੱਲ ਹੋਣੀਆਂ ਤਾਂ ਦੂਰ ਬੁਨਿਆਦੀ ਸਹੂਲਤਾਂ ਵੀ ਨਹੀਂ ਮੁਹੱਈਆ ਕਰਵਾਈਆਂ ਜਾ ਰਹੀਆਂ।