ਪੱਤਰ ਪ੍ਰੇਰਕ
ਬਸੀ ਪਠਾਣਾਂ , 8 ਮਈ
ਬਸੀ ਪਠਾਣਾਂ ਸ਼ਹਿਰ ਦੇ ਧਾਰਮਿਕ ਸਥਾਨਾਂ, ਰਾਮ ਮੰਦਿਰ ਅਤੇ ਨਗਰ ਖੇੜੇ ਕੋਲ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜ਼ਿਕਰਯੋਗ ਹੈ ਇਸ ਵਾਰਡ ਨਾਲ ਸਬੰਧਤ ਕੌਂਸਲਰ ਮੌਜੂਦਾ ਕੌਂਸਲ ਵਿੱਚ ਮੀਤ ਪ੍ਰਧਾਨ ਦੇ ਅਹੁਦੇ ’ਤੇ ਬਿਰਾਜ਼ਮਾਨ ਹੈ। ਨਗਰ ਖੇੜੇ ਦੇ ਸਾਹਮਣੇ ਕੌਂਸਲ ਨੇ ਕੂੜੇ ਦਾ ਡੰਪ ਬਣਾਇਆ ਹੋਇਆ ਜੋ ਕਿ ਰਿਹਾਇਸ਼ੀ ਖੇਤਰ ਵਿੱਚ ਹੈ। ਕੂੜਾ ਸੁੱਟਣ ਲਈ ਚਾਰਦੀਵਾਰੀ ਕਰਕੇ ਬਣਾਏ ਡੰਪ ਦੇ ਅੰਦਰ ਕੂੜਾ ਸੁੱਟਣ ਦੀ ਬਜਾਏ ਲੋਕ ਬਾਹਰ ਹੀ ਕੂੜਾ ਸੁੱਟਦੇੇ ਹਨ। ਭਾਜਪਾ ਮਹਿਲਾ ਮੰਡਲ ਦੀ ਮੰਡਲ ਪ੍ਰਧਾਨ ਨੀਲਮ ਪਾਠਕ ਅਤੇ ਅਰੁਨਾ ਅਰੋੜਾ ਦਾ ਕਹਿਣਾ ਹੈ ਕਿ ਕੌਂਸਲ ਵੱਲੋਂ ਸਹਿਰ ਵਿੱਚ ਘਰਾਂ ਵਿੱਚੋਂ ਕੁੜਾ ਚੁੱਕਣ ਲਈ ਲਗਾਈਆਂ ਕੂੜੇ ਵਾਲੀਆਂ ਗੱਡੀਆਂ ਦਾ ਕਿਸੇ ਨੂੰ ਪਤਾ ਨਹੀਂ ਕਿ ਕਿਸ ਵਾਰਡ ਜਾਂ ਮੁਹੱਲੇ ਵਿੱਚ ਕਿਸ ਦਿਨ ਅਤੇ ਕਿਸ ਸਮੇਂ ਆਉਣੀ ਹੈ। ਕੌਂਸਲ ਦੇ ਮੀਤ ਪ੍ਰਧਾਨ ਅਤੇ ਗੰਦਗੀ ਤੋਂ ਪ੍ਰਭਾਵਿਤ ਵਾਰਡ ਨੰਬਰ-15 ਦੇ ਕੌਂਸਲਰ ਪਵਨ ਸ਼ਰਮਾ ਨੇ ਕਿਹਾ ਕਿ ਡੰਪ ਬਾਰੇ ਕਈ ਵਾਰ ਕਾਰਜਸਾਧਕ ਅਫਸਰ ਨਾਲ ਗੱਲ ਕੀਤੀ ਹੈ ਅਤੇ ਘਰਾਂ ਵਿੱਚੋਂ ਕੂੜਾ ਚੁੱਕਣ ਵਾਲੀਆਂ ਗੱਡੀਆਂ ਦੇ ਸਮੇਂ ਬਾਰੇ ਲੋਕਾਂ ਨੂੰ ਦੱਸੇ ਜਾਣ ਪਰ ਕੁੱਝ ਨਹੀਂ ਹੋਇਆ।