ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 17 ਮਾਰਚ
ਬੀਬੀ ਸ਼ਰਨ ਕੌਰ ਖ਼ਾਲਸਾ ਕਾਲਜ ਚਮਕੌਰ ਸਾਹਿਬ ਵਿਖੇ ਨਹਿਰੂ ਯੁਵਾ ਕੇਂਦਰ ਰੂਪਨਗਰ ਦੇ ਸਹਿਯੋਗ ਨਾਲ ਕ੍ਰਾਂਤੀ ਕਲਾ ਮੰਚ ਵੱਲੋਂ ਨਸ਼ਾਖੋਰੀ ਦੀ ਸਮੱਸਿਆ ’ਤੇ ਝਾਤ ਪਾਉਂਦਾ ਨਾਟਕ ‘ਦਮ ਤੋੜਦੇ ਰਿਸ਼ਤੇ’ ਖੇਡਿਆ ਗਿਆ। ਕਾਲਜ ਦੇ ਪ੍ਰਿੰਸੀਪਲ ਡਾ. ਜਸਵੀਰ ਸਿੰਘ ਨੇ ਦੱਸਿਆ ਕਿ ਸਮਾਜ ਵਿੱਚ ਅਨੇਕਾਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ ਹਨ, ਜਿਨ੍ਹਾਂ ਕਾਰਨ ਸਮਾਜਿਕ ਵਿਕਾਸ ਨਹੀਂ ਹੁੰਦਾ ਅਤੇ ਅਜਿਹੀਆਂ ਸਮੱਸਿਆਵਾਂ ’ਤੇ ਝਾਤ ਪਾਉਂਦੇ ਨਾਟਕ ਜਦੋਂ ਰੰਗਮੰਚ ’ਤੇ ਪੇਸ਼ ਹੁੰਦੇ ਹਨ ਤਾਂ ਸਰੋਤੇ ਇਨ੍ਹਾਂ ਨਾਟਕਾਂ ਤੋਂ ਸੇਧ ਲੈਂਦਿਆਂ ਸਮਾਜ ਦੀ ਸਿਰਜਣਾ ਕਰਨ ਲਈ ਸਹਾਈ ਹੁੰਦੇ ਹਨ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੋਆਰਡੀਨੇਟਰ ਪੰਕਜ ਯਾਦਵ ਨੇ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਤੋਂ ਜਾਣੂ ਕਰਵਾਇਆ, ਜਦੋਂਕਿ ਸਾਬਕਾ ਡਾਇਰੈਕਟਰ ਸੁਖਦਰਸ਼ਨ ਸਿੰਘ ਨੇ ਆਪਣੇ ਜੀਵਨ ਦੇ ਤਜ਼ਰਬੇ ਅਤੇ ਭਾਵਨਾਵਾਂ ਸਾਂਝੀਆਂ ਕਰਦਿਆਂ ਨਸ਼ੇ ਨੂੰ ਸ਼ਰਾਪ ਦੱਸਿਆ। ਪ੍ਰੋ. ਜਗਰੂਪ ਸਿੰਘ ਨੇ ਦੱਸਿਆ ਕਿ ਉਕਤ ਨਾਟਕ ਅਵਿੰਦਰ ਸਿੰਘ ਰਾਜੂ ਦੀ ਨਿਰਦੇਸ਼ਨਾਂ ਹੇਠ ਖੇਡਿਆ ਗਿਆ, ਜਿਸ ਵਿੱਚ ਨਸ਼ਿਆਂ ਕਾਰਨ ਨਰਕ ਬਣੀ ਜ਼ਿੰਦਗੀ ਨੂੰ ਬਾਖੂਬੀ ਪੇਸ਼ ਕੀਤਾ ਗਿਆ। ਇਸ ਮੌਕੇ ਵਾਇਸ ਪ੍ਰਿੰਸੀਪਲ ਤੇਜਿੰਦਰ ਕੌਰ, ਪ੍ਰੋ. ਅੰਮ੍ਰਿਤਾ ਸੰਧੂ, ਦੀਪਕ ਕੁਮਾਰ, ਹਰਮਿੰਦਰ ਕੌਰ, ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ, ਬਲਵੰਤ ਰਾਏ, ਤਨਵੀਰ ਸਿੰਘ, ਸੁਖਵੀਰ ਸਿੰਘ ਅਤੇ ਸੁਦਾਗਰ ਸਿੰਘ ਆਦਿ ਹਾਜ਼ਰ ਸਨ।