ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 15 ਸਤੰਬਰ
ਉੱਘੇ ਇਨਕਲਾਬੀ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦੇ ਵਿਰਾਸਤੀ ਘਰ ਦੀ ਸੰਭਾਲ ਲਈ ਚੱਲ ਰਹੀ ਮੁਹਿੰਮ ਤਹਿਤ ਭਲਕੇ 16 ਸਤੰਬਰ ਨੂੰ ਉਨ੍ਹਾਂ ਦਾ ਜਨਮ ਦਿਨ ਮਨਾਇਆ ਜਾਵੇਗਾ। ਇਸ ਸਬੰਧ ਵਿੱਚ ਜਥੇਬੰਦੀਆਂ ਪੰਜਾਬ ਸੰਗੀਤ ਨਾਟਕ ਅਕਾਦਮੀ, ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ਭਾਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਗਏ ਹਨ। ਇਨ੍ਹਾਂ ਜਥੇਬੰਦੀਆਂ ਵੱਲੋਂ ਹੀ ਮਰਹੂਮ ਨਾਟਕਕਾਰ ਦੇ ਜੱਦੀ ਘਰ ਨੂੰ ਸੰਭਾਲਣ ਵਾਸਤੇ ਜੱਦੋਜਹਿਦ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਇਹ ਜੱਦੀ ਘਰ ਪੁਤਲੀਘਰ ਇਲਾਕੇ ਵਿੱਚ ਹੈ।
ਇਸ ਘਰ ਨੂੰ ਸੰਭਾਲਣ ਅਤੇ ਬਚਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ‘ਭਾਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ’ ਬਣਾਈ ਗਈ ਸੀ, ਜੋ ਇਸ ਮੁਹਿੰਮ ਨੂੰ ਪ੍ਰਚਾਰ ਰਹੀ ਹੈ ਅਤੇ ਵਿਰਾਸਤੀ ਘਰ ਨੂੰ ਬਚਾਉਣ ਲਈ ਯਤਨ ਕਰ ਰਹੀ ਹੈ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਪ੍ਰਧਾਨ ਕੇਵਲ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਸੰਗੀਤ ਨਾਟਕ ਅਕਾਦਮੀ, ਵਿਰਸਾ ਵਿਹਾਰ ਅੰਮ੍ਰਿਤਸਰ ਅਤੇ ‘ਭਾਜੀ ਗੁਰਸ਼ਰਨ ਸਿੰਘ ਵਿਰਾਸਤ ਸੰਭਾਲ ਕਮੇਟੀ’ ਵੱਲੋਂ ਜਨਮ ਦਿਹਾੜੇ ਮੌਕੇ 16 ਸਤੰਬਰ ਨੂੰ ਸਵੇਰੇ 11 ਤੋਂ 2 ਵਜੇ ਤੱਕ ਇਕ ਕੌਮੀ ਸੈਮੀਨਾਰ ਕਰਵਾਇਆ ਜਾਵੇਗਾ, ਜਿਸ ਦਾ ਵਿਸ਼ਾ ‘ਗੁਰਸ਼ਰਨ ਸਿੰਘ ਦੇ ਰੰਗਮੰਚ ਸਰੋਕਾਰ’ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਵਿੱਚ ਦਿੱਲੀ ਤੋਂ ਨੁੱਕੜ ਨਾਟਕਾਂ ਰਾਹੀਂ ਪੂਰੇ ਹਿੰਦੁਸਤਾਨ ਵਿੱਚ ਸਮਾਜਿਕ ਅਤੇ ਰਾਜਨੀਤਕ ਸੁਨੇਹਾ ਦੇਣ ਵਾਲੀ ਜੋੜੀ ਪ੍ਰੋ. ਸ਼ਮਸੂਲ ਇਸਲਾਮ ਅਤੇ ਅਭਿਨੇਤਰੀ ਨੀਲਿਮਾ ਸ਼ਰਮਾ ਪਹੁੰਚ ਰਹੇ ਹਨ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਰੰਗਕਰਮੀ, ਕਲਾਕਾਰ ਅਤੇ ਗੁਰਸ਼ਰਨ ਸਿੰਘ ਦੇ ਪਰਿਵਾਰਕ ਮੈਂਬਰ ਵੀ ਪਹੁੰਚ ਰਹੇ ਹਨ। ਪੰਜਾਬ ਲੋਕ ਸਭਿਆਚਾਰਕ ਮੰਚ ਦੇ ਪ੍ਰਧਾਨ ਸ੍ਰੀ ਅਮੋਲਕ ਸਿੰਘ, ਭਾਅ ਜੀ ਗੁਰਸ਼ਰਨ ਸਿੰਘ ਦੇ ਸਮਾਜਿਕ ਸਰੋਕਾਰਾਂ ਬਾਰੇ ਵਿਸ਼ੇਸ਼ ਗੱਲਬਾਤ ਕਰਨਗੇ। ਇਸ ਮੌਕੇ ਡਾ. ਪਰਮਿੰਦਰ, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਰੀਤ, ਪ੍ਰੀਤਮ ਰੁਪਾਲ, ਡਾ. ਨਿਰਮਲ ਜੌੜਾ, ਜਤਿੰਦਰ ਬਰਾੜ, ਸਤਿੰਦਰ ਕੌਰ, ਸੁਰੇਸ਼ ਪੰਡਿਤ, ਸ੍ਰੀ ਕ੍ਰਿਸ਼ਨ ਦਵੇਸਰ ਵੀ ਭਾਅ ਜੀ ਗੁਰਸ਼ਰਨ ਸਿੰਘ ਬਾਰੇ ਆਪਣੀਆਂ ਯਾਦਾਂ ਨੂੰ ਸਾਂਝੀਆਂ ਕਰਨਗੇ। ਸੈਮੀਨਾਰ ਤੋਂ ਬਾਅਦ ਡਾ. ਸਵਰਾਜਬੀਰ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਦਾ ਨਿਰਦੇਸ਼ਤ ਕੀਤਾ ਪੰਜਾਬੀ ਨਾਟਕ ‘ਅਦਾਕਾਰ ਆਦਿ ਅੰਤ ਕੀ ਸਾਖੀ’ ਦਾ ਮੰਚਨ ਵਿਰਸਾ ਵਿਹਾਰ ਵਿਖੇ 3 ਵਜੇ ਹੋਵੇਗਾ। ਸ਼ਾਮ 5 ਵਜੇ ਭਾਅ ਜੀ ਗੁਰਸ਼ਰਨ ਸਿੰਘ ਦੇ ਵਿਰਾਸਤੀ ਰੰਗਮੰਚ ਘਰ ਵਿੱਚ ਮੋਮਬਤੀਆਂ ਬਾਲ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ।