ਸੰਜੀਵ ਸਿੰਘ ਬਰਿਆਣਾ
ਚੰਡੀਗੜ੍ਹ, 23 ਦਸੰਬਰ
ਟੀਕਰੀ ਸਰਹੱਦ ‘ਤੇ ਆਉਣ ਵਾਲੇ ਕਿਸਾਨਾਂ ਨੂੰ ਹੁਣ ਜ਼ਰੂਰਤ ਦੀਆਂ ਚੀਜ਼ਾਂ ਲਈ ਫਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਖਾਲਸਾ ਏਡ ਨੇ ਬੁੱਧਵਾਰ ਨੂੰ ਸਰਹੱਦ ‘ਤੇ ‘ਕਿਸਾਨ ਮਾਲ’ ਸਥਾਪਤ ਕਰ ਦਿੱਤਾ ਹੈ। ਇਥੋਂ ਕਿਸਾਨਾਂ ਨੂੰ ਰੋਜ਼ ਵਰਤੋਂ ਦੀਆਂ ਵਸਤਾਂ ਮੁਫਤ ਮੁਹੱਈਆ ਕਰਵਾਈਆਂ ਜਾਣਗੀਆਂ। ਮਾਲ ਵਿੱਚੋਂ ਕੰਬਲ, ਟੂਥ ਬਰੱਸ਼, ਟੂੱਥ ਪੇਸਟ, ਥਰਮਲ, ਸਵੈਟਰ, ਜੈਕਟ, ਤੇਲ, ਵੈਸਲੀਨ, ਜ਼ੁਰਾਬਾਂ, ਕੱਪੜੇ ਧੋਣ ਵਾਲੇ ਸਾਬਣ, ਨਹਾਉਣ ਵਾਲਾ ਸਾਬਣ, ਸ਼ੈਂਪੂ, ਕੰਘੀ, ਮਫਲਰ, ਓਡੋਮਾਸ, ਸੁੱਕਾ ਦੁੱਧ, ਸੈਨੇਟਰੀ ਪੈਡ ਅਤੇ ਜੁੱਤੇ ਮਿਲ ਜਾਣਗੇ। ਇਸ ਤੋਂ ਇਲਾਵਾ ਹੀਟਿੰਗ ਪੈਡ, ਤੌਲੀਏ, ਲੋਈ, ਚੱਪਲਾਂ, ਕੂੜਾ-ਕਰਕਟ ਬੈਗ, ਤਰਪਾਲ, ਨਹੁੰ ਕਟਰ, ਈਨੋ ਅਤੇ ਕੱਪੜੇ ਧੋਣ ਵਾਲੇ ਬੁਰਸ਼ ਵੀ ਉਪਲੱਬਧ ਹਨ। ਖਾਲਸਾ ਏਡ ਪ੍ਰੋਜੈਕਟ ਦੇ ਏਸ਼ੀਆ ਚੈਪਟਰ ਦੇ ਡਾਇਰੈਕਟਰ ਅਮਨਪ੍ਰੀਤ ਸਿੰਘ ਨੇ ਕਿਹਾ: “ਭੀੜ ਹੋਣ ਕਾਰਨ ਆਮ ਤੌਰ ’ਤੇ ਕਿਸਾਨਾਂ ਨੂੰ ਆਪਣੇ ਜ਼ਰੂਰਤ ਦੇ ਸਾਮਾਨ ਲਈ ਜੂਝਣਾ ਪੈ ਰਿਹਾ ਸੀ, ਖਾਸ ਤੌਰ ’ਤੇ ਬਜ਼ੁਰਗਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸੀ।’’