ਚੰਡੀਗੜ੍ਹ, 15 ਜੁਲਾਈ
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਪੁਲੀਸ ਖ਼ਾਲਿਸਤਾਨ ਦੇ ਨਾਂ ’ਤੇ ਗ਼ਰੀਬਾਂ ਅਤੇ ਦਲਿਤਾਂ ਉੱਤੇ ਜ਼ੁਲਮ ਕਰਦਿਆਂ ਗ਼ੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਤਹਿਤ ਕੇਸ ਦਰਜ ਕਰ ਕੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਉਹ ਪੰਜਾਬ ਪੁਲੀਸ ਦੀ ਅਜਿਹੀ ਕਾਰਵਾਈ ਖ਼ਿਲਾਫ਼ ਪਿੰਡਾਂ ਵਿਚ ‘ਲੋਕ ਕਚਹਿਰੀਆਂ’ ਲਗਾ ਕੇ ਗ਼ਰੀਬਾਂ ਤੇ ਬੇਸਹਾਰਾ ਵਿਅਕਤੀਆਂ ਦੀ ਆਵਾਜ਼ ਪੰਜਾਬ ਸਰਕਾਰ ਤਕ ਪਹੁੰਚਾਉਣਗੇ। ਸ੍ਰੀ ਖਹਿਰਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਯੂਏਪੀਏ ਕਾਨੂੰਨ ਤਹਿਤ ਦਰਜ ਕੀਤੇ ਗਏ 16 ਕੇਸਾਂ ਦੀ ਮੁੜ ਜਾਂਚ ਕੀਤੀ ਜਾਵੇ।