ਖੇਤਰੀ ਪ੍ਰਤੀਨਿਧ
ਪਟਿਆਲਾ, 19 ਨਵੰਬਰ
ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਢਿੱਲੋਂ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਨਕਲੀ ਆਰਟੀਏ ਨੂੰ ਕਾਬੂ ਕੀਤਾ। ਇਹ ਮੁਲਜ਼ਮ ਆਰਟੀਏ ਦੱਸ ਕੇ ਇੱਕ ਬੱਸ ਦੇ ਮਾਲਕ ਕੋਲ਼ੋਂ 45 ਹਜਾਰ ਰਿਸ਼ਵਤ ਲੈ ਰਿਹਾ ਸੀ। ਉਸ ਦੇ ਸਾਥੀ ਵੀ ਗ੍ਰਿਫਤਾਰ ਕੀਤਾ ਗਿਆ ਹੈ।
ਡੀਐੱਸਪੀ ਸਿਟੀ 2 ਰੋਹਿਤ ਅਗਰਵਾਲ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਜਤਿੰਦਰ ਰਾਜੂ ਵਾਸੀ ਪਿੰਡ ਰੂੜਕੀ ਜ਼ਿਲ੍ਹਾ ਫਤਿਹਗੜ ਸਾਹਿਬ ਵਜੋਂ ਹੋਈ ਹੈ। ਨਾਲ਼ ਫੜਿਆ ਗਿਆ ਸਾਥੀ ਹਰੀ ਸ਼ੰਕਰ ਯੂ.ਪੀ ਦਾ ਰਹਿਣ ਵਾਲ਼ਾ ਹੈ। ਤੀਜੇ ਸਾਥੀ ਵਜੋਂ ਅਬਲੋਵਾਲ ਵਾਸੀ ਗੁਰਨਾਮ ਸਿੰਘ ਦੀ ਤਲਾਸ਼ ਜਾਰੀ ਹੈ। ਭਾਵੇਂ ਕਿ ਮੁਕੰਮਲ ਜਾਂਚ ਅਜੇ ਬਾਕੀ ਹੈ,ਪਰ ਮੁਢਲੀ ਤਫਤੀਸ਼ ਮੁਤਾਬਿਕ ਮੁਲਜ਼ਮ ਨੂੰ ਅਜਿਹੀ ਜੁਗਤਬੰਦੀ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਵੱਲੋਂ ਗੈਰਕਾਨੂੰਨੀ ਬੱਸਾਂ ਖਿਲ਼ਾਫ਼ ਵਿੱਢੀ ਮੁਹਿੰਮ ਤੋਂ ਔੜੀ। ਇਸ ਦੌਰਾਨ ਹੀ ਉਸ ਨੇ ਆਪਣੇ ਆਪ ਨੂੰ ਆਰਟੀਏ ਦੱਸ ਕੇ ਇੱੱਕ ਅਜਿਹੀ ਬੱਸ ਰੋਕ ਲਈ,ਜੋ ਯੂ.ਪੀ ਵਿੱਚ ਮਜ਼ਦੂਰਾਂ ਨੂੰ ਛੱਡਣ ਜਾ ਰਹੀ ਸੀ। ਡਰਾਈਵਰ ਕੰਡਕਟਰ ਨੂੰ ਬੱਸ ਦਾ ਚਲਾਨ ਕਰਨ ਦਾ ਦਬਕਾ ਮਾਰਦਿਆਂ,45 ਹਜ਼ਾਰ ਦੀ ਮੰਗ ਕੀਤੀ। ਜੁਰਮਾਨੇ ਵਜੋਂ 45 ਹਜ਼ਾਰ ਵੀ ਲੈ ਲਏ। ਪਰ ਮਾਮਲਾ ਸਾਫ਼ ਹੋ ਗਿਆ ਇਹ ਨਕਲੀ ਆਰਟੀਏ ਬਣ ਕੇ ਬੱਸ ਮਾਲਕਾਂ ਨੂੰ ਠੱਗ ਰਿਹਾ ਹੈ। ਤਫਤੀਸ਼ੀ ਅਫਸਰ ਏਐਸਆਈ ਸ਼ਾਮ ਲਾਲ ਦਾ ਕਹਿਣਾ ਸੀ ਕਿ ਮੁਲਜ਼ਮ ਦਾ ਪੁਲੀਸ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਸਪੈਕਟਰ ਹਰਜਿੰਦਰ ਢਿੱਲੋਂ ਨੇ ਦੱਸਿਆ ਕਿ ਉਸ ਕੋਲ਼ੋਂ ਬਰਾਮਦ ਕਾਰ ’ਤੇ ਪੁਲੀਸ ਵਾਲ਼ਾ ਸਟਿੱਕਰ ਲੱੱਗਿਆ ਮਿਲਿਆ ਹੈ।