ਦਵਿੰਦਰ ਪਾਲ
ਚੰਡੀਗੜ੍ਹ, 16 ਅਗਸਤ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਅੱਜ ਦਾਅਵਾ ਕੀਤਾ ਕਿ ਪੁਲੀਸ ਨੇ ਐਤਵਾਰ ਰਾਤ ਨੂੰ ਆਜ਼ਾਦੀ ਦਿਹਾੜੇ ਵਾਲੇ ਦਿਨ ਜਾਂ ਉਸ ਤੋਂ ਬਾਅਦ ਕਿਸੇ ਸੰਭਾਵੀ ਅਤਿਵਾਦੀ ਹਮਲੇ ਨੂੰ ਟਾਲਦਿਆਂ ਯੂਕੇ ਅਧਾਰਿਤ ਅਤਿਵਾਦੀ ਸੰਗਠਨ ਨਾਲ ਜੁੜੇ ਦੋ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਬਾ ਪੁਲੀਸ ਮੁਖੀ ਨੇ ਦੱਸਿਆ ਕਿ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਹੱਥ ਗੋਲੇ, ਇੱਕ ਪਿਸਤੌਲ (9 ਐੱਮਐੱਮ) ਸਣੇ ਕਾਰਤੂਸ ਸ਼ਾਮਲ ਸਨ। ਡੀਜੀਪੀ ਗੁਪਤਾ ਅਨੁਸਾਰ ਇਹ ਦੋਵੇਂ ਯੂਕੇ ਅਧਾਰਿਤ ਅਤਿਵਾਦੀ ਗੁਰਪ੍ਰੀਤ ਸਿੰਘ ਖਾਲਸਾ ਉਰਫ਼ ਗੁਰਪ੍ਰੀਤ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ। ਇਨ੍ਹਾਂ ਦੋਵਾਂ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਇਹਨਾਂ ਨੂੰ ਸਰਹੱਦ ਪਾਰੋਂ ਭੇਜੀ ਜਾ ਰਹੀ ਹਥਿਆਰਾਂ ਦੀ ਖੇਪ ਨੂੰ ਪ੍ਰਾਪਤ ਕਰਨ ਦਾ ਕੰਮ ਸੌਂਪਿਆ ਗਿਆ ਸੀ। ਉਨ੍ਹਾਂ ਦਾਅਵਾ ਕੀਤਾ ਕਿ 15-16 ਅਗਸਤ ਦੀ ਦਰਮਿਆਨੀ ਰਾਤ ਨੂੰ ਥਾਣਾ ਘਰਿੰਡਾ (ਅੰਮ੍ਰਿਤਸਰ-ਦਿਹਾਤੀ) ਵਿੱਚ ਅੱਡਾ ਖਾਲਸਾ ਕੋਲ ਲਾਏ ਇੱਕ ਨਾਕੇ ’ਤੇ ਤਾਇਨਾਤ ਪੁਲੀਸ ਮੁਲਾਜ਼ਮਾਂ ਵੱਲੋਂ ਮੋਟਰ ਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ ਗਿਆ। ਪੁਲੀਸ ਨੂੰ ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲਾ ਬਰਾਮਦ ਹੋਇਆ। ਉਨ੍ਹਾਂ ਦੀ ਪਛਾਣ ਅੰਮ੍ਰਿਤਪਾਲ ਸਿੰਘ ਅਤੇ ਸੈਮੀ ਵਜੋਂ ਹੋਈ ਹੈ। ਪੁਲੀਸ ਬੁਲਾਰੇ ਨੇ ਦੱਸਿਆ ਕਿ ਦੋਵਾਂ ਕੋਲੋਂ 2 ਹੈਂਡ ਗ੍ਰਨੇਡ, 2 ਪਿਸਤੌਲ (9 ਐੱਮ.ਐੱਮ.), 4 ਮੈਗਜ਼ੀਨ ਅਤੇ 20 ਗੋਲੀਆਂ ਜ਼ਬਤ ਕੀਤੀਆਂ ਗਈਆਂ ਹਨ। ਇਨ੍ਹਾਂ ਖ਼ਿਲਾਫ਼ ਆਰਮਜ਼ ਐਕਟ 1959 ਦੀ ਧਾਰਾ 25/27 ਅਤੇ ਧਮਾਕਾਖੇਜ਼ ਸਮੱਗਰੀ (ਸੋਧ) ਐਕਟ 2001 ਦੀ ਧਾਰਾਵਾਂ 3, 4, 5 ਤਹਿਤ ਕੇਸ ਦਰਜ ਕੀਤਾ ਗਿਆ ਹੈ।